ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਫ਼ੇਸਬੁੱਕ ਪੋਸਟ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਇੱਕ ਹੋਰ ਸਿੱਧਾ ਹਮਲਾ ਕੀਤਾ ਹੈ। ਇਸ ਵਾਰ ਉਨ੍ਹਾਂ ਦੇ ਨਿਸ਼ਾਨੇ 'ਤੇ ਪਾਕਿਸਤਾਨੀ ਨਾਗਰਿਕ ਤੇ ਕੈਪਟਨ ਦੀ ਕਰੀਬੀ ਅਰੂਸਾ ਆਲਮ ਤੋਂ ਲੈ ਕੇ ਮੋਦੀ ਸਰਕਾਰ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਆਏ ਹਨ। ਜ਼ਿਕਰਯੋਗ ਹੈ ਕਿ ਮਾਲੀ ਵੱਲੋਂ ਕੈਪਟਨ 'ਤੇ ਸ਼ਬਦੀ ਹਮਲਾ ਸਿੱਧੂ ਨਾਲ ਮੁਲਾਕਾਤ ਤੋਂ ਮਗਰੋਂ ਬੋਲਿਆ ਗਿਆ ਹੈ। 



 


ਮਾਲੀ ਨੇ ਆਪਣੀ ਪੋਸਟ ਦੀ ਸ਼ੁਰੂਆਤ ਵਿੱਚ ਹੀ ਸਵਾਲ ਚੁੱਕਦਿਆਂ ਕਿਹਾ, "ਕੈਪਟਨ ਦਾ ਕੌਮੀ ਸੁਰੱਖਿਆ, ਪੰਜਾਬ ਪ੍ਰਸਾਸ਼ਕ ਤੇ ਆਰਥਿਕ ਸਲਾਹਕਾਰ ਕੌਣ ? ਸੋਚੋ ਤੇ ਬੋਲੋ!" ਨਾਲ ਹੀ ਮਾਲਵਿੰਦਰ ਸਿੰਘ ਨੇ ਅਰੂਸਾ ਆਲਮ ਦੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਪੁਲਿਸ ਤੇ ਪ੍ਰਸ਼ਾਸਨਿਕ ਵਿਭਾਗ ਦੇ ਸਿਖਰਲੇ ਅਹੁਦਿਆਂ 'ਤੇ ਬੈਠੇ ਅਫਸਰਾਂ ਨਾਲ ਅਰੂਸਾ ਆਲਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਮਾਲੀ ਨੇ ਇਹ ਵੀ ਸਵਾਲ ਕੀਤਾ ਹੈ ਕਿ ਕੀ ਕੈਪਟਨ ਨੇ ਉਨ੍ਹਾਂ (ਅਰੂਸਾ ਆਲਮ) ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਹੈ। 


ਦੱਸ ਦਈਏ ਕਿ ਕੈਪਟਨ ਅਮਰਿੰਦਰ ਵੱਲੋਂ ਐਤਵਾਰ ਸ਼ਾਮ ਨੂੰ ਸਿੱਧੂ ਦੇ ਸਲਾਹਕਾਰਾਂ ਨੂੰ ਦੇਸ਼ ਦੇ ਮੁੱਦਿਆਂ 'ਤੇ ਐਂਵੇਂ ਕੁਝ ਵੀ ਊਟ-ਪਟਾਂਗ ਨਾ ਬੋਲਣ ਦੀ ਸਲਾਹ ਦਿੱਤੀ ਸੀ। ਕੈਪਟਨ ਤੋਂ ਇਲਾਵਾ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਸਿੱਧੂ ਦੇ ਸਲਾਹਕਾਰਾਂ 'ਤੇ ਨਿਸ਼ਾਨਾ ਲਾਉਂਦਿਆ ਕਿਹਾ ਕਿ ਅਜਿਹੇ ਲੋਕਾਂ ਦੀ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ।






 


ਕੀ ਕਿਹਾ ਸੀ ਸਿੱਧੂ ਦੇ ਸਲਾਹਕਾਰਾਂ ਨੇ?


ਪਿਆਰੇ ਲਾਲ ਗਰਗ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਆਲੋਚਨਾ 'ਤੇ ਸਵਾਲ ਕੀਤਾ ਸੀ। ਦੂਜੇ ਪਾਸੇ, ਮਾਲੀ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ 'ਤੇ ਗੱਲ ਕੀਤੀ ਸੀ, ਜਿਸ ਤਹਿਤ ਜੰਮੂ-ਕਸ਼ਮੀਰ ਨੂੰ ਸਾਬਕਾ ਰਾਜ ਨੂੰ ਵਿਸ਼ੇਸ਼ ਦਰਜਾ ਮਿਲਿਆ। ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਤੇ 35-ਏ ਹਟਾਉਣ ਦੀ ਕੀ ਲੋੜ ਸੀ। ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਿੱਧੂ ਨੂੰ ਕਿਹਾ ਸੀ ਕਿ ਉਹ ਆਪਣੇ ਸਲਾਹਕਾਰਾਂ ਨੂੰ ਕਾਬੂ ਹੇਠ ਰੱਖਣ।


ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਅਕਸਰ ਹੀ ਅਨੁਸ਼ਾਸ਼ਨਹੀਣਤਾ ਦੇ ਮਾਮਲੇ ਦੇਖੇ ਜਾਂਦੇ ਹਨ ਪਰ ਅਜਿਹਾ ਤਿੱਖਾ ਹਮਲਾ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ। ਪਾਰਟੀ ਦੇ ਨਵੇਂ ਨਵੇਂ ਪ੍ਰਧਾਨ ਬਣੇ ਨਵਜੋਤ ਸਿੱਧੂ ਦੇ ਨਵੇਂ ਸਲਾਹਕਾਰਾਂ ਨੇ ਜਿਵੇਂ ਦੀ ਬਿਆਨਬਾਜ਼ੀ ਕੀਤੀ ਹੈ, ਉਹ ਕਾਰਵਾਈ ਲਈ ਕਾਫੀ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਕੀ ਨਵਜੋਤ ਸਿੰਘ ਸਿੱਧੂ ਵੀ ਇਸ ਮਾਮਲੇ 'ਤੇ ਹਾਲੇ ਚੁੱਪੀ ਹੀ ਧਾਰੀ ਰੱਖਣਗੇ ਜਾਂ ਕੋਈ ਕਦਮ ਵੀ ਚੁੱਕਣਗੇ। 


ਸਬੰਧਤ ਖ਼ਬਰਾਂ: