ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲਈ ਹੁਣ ਸਲਾਹਕਾਰਾਂ ਨੇ ਪੁਆੜਾ ਖੜ੍ਹਾ ਕਰ ਦਿੱਤਾ ਹੈ। ਸਿੱਧੂ ਦੇ ਸਲਾਹਕਾਰਾਂ ਮਾਲਵਿੰਦਰ ਸਿੰਘ ਮਾਲੀ ਤੇ ਪਿਆਰੇ ਲਾਲ ਗਰਗ ਵੱਲੋਂ ਕੀਤੀਆਂ ਟਿੱਪਣੀਆਂ ਮਗਰੋਂ ਨਾ ਸਿਰਫ ਵਿਰੋਧੀ ਧਿਰਾਂ ਸਗੋਂ ਪਾਰਟੀ ਅੰਦਰੋ ਵੀ ਕਾਫੀ ਅਲੋਚਨਾ ਹੋ ਰਹੀ ਹੈ। ਮਾਮਲਾ ਗਰਮਾਉਂਦਾ ਵੇਖ ਸਿੱਧੂ ਨੇ ਅੱਜ ਦੋਵਾਂ ਸਲਾਹਕਾਰਾਂ ਨੂੰ ਆਪਣੀ ਰਿਹਾਇਸ਼ 'ਤੇ ਤਲਬ ਕੀਤਾ।



ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਚਿਤਾਵਨੀ ਦਿੱਤੀ ਸੀ ਕਿ ਉਪਰੋਕਤ ਸਲਾਹਕਾਰਾਂ ਵੱਲੋਂ ਕੀਤੀਆਂ ਵਿਵਾਦਤ ਟਿੱਪਣੀਆਂ ਸੂਬਾ ਸਰਕਾਰ ਤੇ ਦੇਸ਼ ਦੇ ਅਮਨ ਤੇ ਸਥਿਰਤਾ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।

ਦੱਸ ਦਈਏ ਕਿ ਮਾਲਵਿੰਦਰ ਮਾਲੀ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਜੰਮੂ-ਕਸ਼ਮੀਰ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਇਸ ਪੋਸਟ ਵਿੱਚ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਇੱਕ ਵੱਖਰਾ ਦੇਸ਼ ਦੱਸਿਆ ਸੀ। ਮਾਲੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਸ਼ਮੀਰ ਬਾਰੇ ਬਿਆਨ ਦਿੱਤਾ ਸੀ ਕਿ ਇਸ ਨੂੰ ਆਜ਼ਾਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਤੇ ਭਾਰਤ ਵੱਲੋਂ ਕਸ਼ਮੀਰ 'ਤੇ ਨਾਜਾਇਜ਼ ਕਬਜ਼ੇ ਬਾਰੇ ਦੱਸਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਸਲਾਹਕਾਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ ਪੰਜਾਬ ਕਾਂਗਰਸ ਦੇ ਮੁਖੀ ਨੂੰ ਸਲਾਹ ਦੇਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁੱਦਿਆਂ 'ਤੇ ਕੋਈ ਬਿਆਨ ਨਾ ਦਿਓ ਜਿਨ੍ਹਾਂ ਬਾਰੇ ਤੁਸੀਂ ਜਾਣੂ ਨਹੀਂ ਹੋ ਤੇ ਖਾਸ ਕਰਕੇ ਜਦੋਂ ਤੁਸੀਂ ਇਹ ਵੀ ਨਹੀਂ ਜਾਣਦੇ ਹੋ ਕਿ ਇਸ ਦੇ ਨਤੀਜੇ ਕੀ ਹੋ ਸਕਦੇ ਹਨ।

ਕੈਪਟਨ ਨੇ ਆਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਰਾਹੀਂ ਇਸ ਟਵੀਟ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੀ ਟੈਗ ਕੀਤਾ ਸੀ। ਕੈਪਟਨ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਕਸ਼ਮੀਰ ਤੇ ਪਾਕਿਸਤਾਨ ਬਾਰੇ ਕੀਤੀ ਗਈ ਬਿਆਨਬਾਜ਼ੀ ਨੂੰ ‘ਰਾਸ਼ਟਰ ਵਿਰੋਧੀ’ ਕਰਾਰ ਦਿੱਤਾ।

ਇਸ ਤੋਂ ਇਲਾਵਾ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਫੇਸਬੁੱਕ ਪੇਜ 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇੱਕ ਪੁਰਾਣਾ ਸਕੈੱਚ ਪੋਸਟ ਕੀਤਾ ਸੀ। ਮਾਲੀ ਨੇ ਸੋਸ਼ਲ ਮੀਡੀਆ 'ਤੇ 1989 ਵਿੱਚ ਪ੍ਰਕਾਸ਼ਤ ‘ਜਨਤਕ ਪੈਗਾਮ’ ਨਾਂ ਦੇ ਇੱਕ ਪੰਜਾਬੀ ਮੈਗਜ਼ੀਨ ਦੇ ਕਵਰ ਨੂੰ ਸਾਂਝਾ ਕੀਤਾ। ਇਸ ਵਿੱਚ ਇੰਦਰਾ ਗਾਂਧੀ ਮਨੁੱਖੀ ਖੋਪੜੀਆਂ ਦੇ ਢੇਰ ਉੱਤੇ ਖੜ੍ਹੇ ਵਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਹੱਥ ਵਿੱਚ ਬੰਦੂਕ ਉੱਤੇ ਇੱਕ ਖੋਪੜੀ ਵੀ ਲਟਕ ਰਹੀ ਹੈ।