ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਕਸ਼ਮੀਰ ਤੇ ਪਾਕਿਸਤਾਨ ਬਾਰੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਹੰਗਾਮਾ ਮਚ ਗਿਆ ਹੈ। ਸਿੱਧੂ ਨੇ ਆਪਣੇ ਦੋਵੇਂ ਸਲਾਹਕਾਰਾਂ ਨੂੰ ਤਲਬ ਕੀਤਾ ਹੈ। ਸਿੱਧੂ ਨੇ ਸਲਾਹਕਾਰਾਂ ਮਾਲਵਿੰਦਰ ਸਿੰਘ ਮੱਲੀ ਤੇ ਪਿਆਰੇ ਲਾਲ ਗਰਗ ਨੂੰ ਆਪਣੇ ਪਟਿਆਲਾ ਸਥਿਤ ਘਰ ਬੁਲਾਇਆ ਹੈ।


ਸਿੱਧੂ ਦੇ ਸਲਾਹਕਾਰਾਂ ਨੇ ਕਸ਼ਮੀਰ ਤੇ ਪਾਕਿਸਤਾਨ ਨੂੰ ਲੈ ਕੇ ਵਿਵਾਦਤ ਬਿਆਨ ਦਿੱਤੇ ਹਨ। ਇਸ ਦੇ ਨਾਲ ਹੀ ਇੰਦਰਾ ਗਾਂਧੀ ਦਾ ਇਤਰਾਜ਼ਯੋਗ ਸਕੈੱਚ ਵੀ ਸਾਂਝਾ ਕੀਤਾ ਗਿਆ ਹੈ। ਖ਼ਬਰ ਇਹ ਵੀ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਇਸ ਮਾਮਲੇ ਵਿੱਚ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨਗੇ। ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਤੇ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿੱਧੂ ਦੇ ਸਲਾਹਕਾਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਪਾਰਟੀ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ।

ਸਾਬਕਾ ਕੇਂਦਰੀ ਮੰਤਰੀ ਤਿਵਾੜੀ ਨੇ ਟਵੀਟ ਕੀਤਾ, "ਮੈਂ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਲੋਕਾਂ ਨੂੰ ਗੰਭੀਰਤਾ ਨਾਲ ਘੋਖਣ, ਜੋ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਤੇ ਜੋ ਸਪੱਸ਼ਟ ਤੌਰ 'ਤੇ ਪਾਕਿਸਤਾਨ ਪੱਖੀ ਭਾਵਨਾਵਾਂ ਰੱਖਦੇ ਹਨ, ਕੀ ਉਨ੍ਹਾਂ ਨੂੰ ਕਾਂਗਰਸ ਦੀ ਪੰਜਾਬ ਇਕਾਈ ਦਾ ਹਿੱਸਾ ਹੋਣਾ ਚਾਹੀਦਾ ਹੈ? ਇਹ ਉਨ੍ਹਾਂ ਸਾਰਿਆਂ ਦਾ ਮਜ਼ਾਕ ਹੈ ਜਿਨ੍ਹਾਂ ਨੇ ਭਾਰਤ ਲਈ ਆਪਣਾ ਖੂਨ ਵਹਾਇਆ ਹੈ।”

ਨਵਜੋਤ ਸਿੱਧੂ ਦੇ ਸਲਾਹਕਾਰਾਂ ਦੇ ਬਿਆਨ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਨੇ ਵੀ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਜਿੱਥੇ ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉੱਥੇ ਹੀ ਸਿੱਧੂ ਕਿਸਾਨਾਂ ਦੇ ਮੁੱਦੇ 'ਤੇ ਮੋੜਵਾਂ ਵਾਰ ਕਰ ਰਹੇ ਹਨ। ਗੰਨਾ ਕਿਸਾਨਾਂ ਦੇ ਮੁੱਦੇ 'ਤੇ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਹਰਿਆਣਾ, ਯੂਪੀ ਅਤੇ ਉਤਰਾਖੰਡ ਦੇ ਮੁਕਾਬਲੇ ਘੱਟ ਕੀਮਤ ਮਿਲ ਰਹੀ ਹੈ। ਗੰਨਾ ਕਿਸਾਨਾਂ ਦਾ ਮਸਲਾ ਜਲਦੀ ਹੱਲ ਕੀਤਾ ਜਾਵੇ।

ਕੀ ਕਿਹਾ ਸੀ ਸਿੱਧੂ ਦੇ ਸਲਾਹਕਾਰਾਂ ਨੇ?
ਪਿਆਰੇ ਲਾਲ ਗਰਗ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਆਲੋਚਨਾ 'ਤੇ ਸਵਾਲ ਕੀਤਾ ਸੀ। ਦੂਜੇ ਪਾਸੇ, ਮਾਲੀ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ 'ਤੇ ਗੱਲ ਕੀਤੀ ਸੀ, ਜਿਸ ਤਹਿਤ ਜੰਮੂ-ਕਸ਼ਮੀਰ ਨੂੰ ਸਾਬਕਾ ਰਾਜ ਨੂੰ ਵਿਸ਼ੇਸ਼ ਦਰਜਾ ਮਿਲਿਆ। ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਤੇ 35-ਏ ਹਟਾਉਣ ਦੀ ਕੀ ਲੋੜ ਸੀ। ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਿੱਧੂ ਨੂੰ ਕਿਹਾ ਸੀ ਕਿ ਉਹ ਆਪਣੇ ਸਲਾਹਕਾਰਾਂ ਨੂੰ ਕਾਬੂ ਹੇਠ ਰੱਖਣ।