Kartarpur Sahib Guidelines: ਪਾਕਿਸਤਾਨ ਨੇ ਅਗਲੇ ਮਹੀਨੇ ਤੋਂ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ, ਆਉਂਦੀ 22 ਸਤੰਬਰ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 482ਵਾਂ ਜੋਤਿ-ਜੋਤ ਦਿਵਸ ਹੈ। ਇਸ ਮੌਕੇ  20 ਸਤੰਬਰ ਤੋਂ ਗੁਰੂਦੁਆਰਾ ਸਾਹਿਬ ਵਿੱਚ ਤਿੰਨ ਦਿਨਾਂ ਦੀਆਂ ਧਾਰਮਿਕ ਰਸਮਾਂ ਹੋਣਗੀਆਂ। ਪਾਕਿਸਤਾਨ ਵਿੱਚ ਕਰਤਾਰਪੁਰ ਗੁਰਦੁਆਰਾ ਖੋਲ੍ਹਣ ਦਾ ਫੈਸਲਾ ‘ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ’ (ਐਨਸੀਓਸੀ- NCOC) ਨੇ ਲਿਆ ਹੈ। ਹਾਲਾਂਕਿ, ਸਾਰੇ ਸ਼ਰਧਾਲੂਆਂ ਨੂੰ ਸਖਤ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਏਗੀ।



 

ਇਹ ਹਨ ਦਿਸ਼ਾ ਨਿਰਦੇਸ਼
ਕਰਤਾਰਪੁਰ ਸਾਹਿਬ ਜਾਣ ਲਈ ਪਾਕਿਸਤਾਨ ਵੱਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗੀ। ਸਿਰਫ ਉਹੀ ਸਿੱਖ ਸ਼ਰਧਾਲੂ ਪਾਕਿਸਤਾਨ ’ਚ ਦਾਖ਼ਲ ਹੋ ਸਕਣਗੇ ਤੇ ਗੁਰੂਘਰ ਅੰਦਰ ਜਾ ਸਕਣਗੇ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਵਾਏ ਹੋਏ ਹਨ।

 

ਇਸੇ ਲਈ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਵੈਕਸੀਨ ਲਗਵਾਏ ਹੋਣ ਦਾ ਸਰਟੀਫਿਕੇਟ ਨਾਲ ਰੱਖਣਾ ਲਾਜ਼ਮੀ ਹੋਵੇਗਾ। ਇੰਨਾ ਹੀ ਨਹੀਂ, ਯਾਤਰੀਆਂ ਨੂੰ ਪਿਛਲੇ 72 ਘੰਟਿਆਂ ਦੇ ਅੰਦਰ ਕੀਤੇ ਗਏ ਆਰਟੀ-ਪੀਸੀਆਰ (RT-PCR) ਟੈਸਟ ਦੇ ਨੈਗੇਟਿਵ ਹੋਣ ਦੀ ਰਿਪੋਰਟ ਵੀ ਦਿਖਾਉਣੀ ਪਏਗੀ।

 

ਇਸ ਤੋਂ ਇਲਾਵਾ ਏਅਰਪੋਰਟ 'ਤੇ ਰੈਪਿਡ ਐਂਟੀਜੇਨ ਟੈਸਟ ਵੀ ਕੀਤਾ ਜਾਵੇਗਾ। ਜੇ ਲਾਗ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਯਾਤਰੀ ਨੂੰ ਪਾਕਿਸਤਾਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

 

ਕਰਤਾਰਪੁਰ ਦਰਬਾਰ ਸਾਹਿਬ ਵਿੱਚ ਵੱਧ ਤੋਂ ਵੱਧ 300 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੈ। ਵੱਡੀ ਭੀੜ ਇਕੱਠੀ ਹੋਣ ਕਾਰਨ ਯਾਤਰੀਆਂ ਨੂੰ ਬਾਹਰ ਲੰਮਾ ਸਮਾਂ ਇੰਤਜ਼ਾਰ ਕਰਨੀ ਪੈ ਸਕਦੀ ਹੈ। ਕਰਤਾਰਪੁਰ ਸਾਹਿਬ ਲਾਂਘਾ ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ’ਤੇ ਖੋਲ੍ਹਿਆ ਗਿਆ ਸੀ।

ਇਸ ਤੋਂ ਬਾਅਦ, ਕੋਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਮਾਰਚ 2020 ਵਿੱਚ ਲਾਂਘੇ ਰਾਹੀਂ ਕਰਤਾਰਪੁਰ ਵਿੱਚ ਸ਼ਰਧਾਲੂਆਂ ਦੀ ਆਵਾਜਾਈ ਮੁਲਤਵੀ ਕਰ ਦਿੱਤੀ ਗਈ ਸੀ।