MSP of Sugarcane: ਚੰਡੀਗੜ੍ਹ: ਪੰਜਾਬ ਸਰਕਾਰ ਗੰਨਾ ਉਤਪਾਦਕਾਂ ਦੀ ਹੜਤਾਲ ਖਤਮ ਕਰਾਉਣ ਲਈ ਸਰਗਰਮ ਹੋ ਗਈ ਹੈ। ਸਰਕਾਰ ਇਸ ਮਾਮਲੇ ਨੂੰ ਜ਼ਿਆਦਾ ਗੰਭੀਰ ਨਹੀਂ ਹੋਣ ਦੇਣਾ ਚਾਹੁੰਦੀ। ਸਰਕਾਰੀ ਸੂਤਰਾਂ ਮੁਤਾਬਕ ਇੱਕ-ਦੋ ਦਿਨਾਂ ਵਿੱਚ ਮਾਮਲਾ ਸੁਲਝਾ ਲਿਆ ਜਾਏਗਾ। ਅੱਜ ਜਲੰਧਰ ਵਿੱਚ ਕਿਸਾਨ ਧਿਰਾਂ ਦੀ ਗੰਨਾ ਮਾਹਿਰਾਂ ਨਾਲ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਲਾਗਤ ਮੁੱਲ ਬਾਰੇ ਰੂਪ ਰੇਖਾ ਬਣੇਗੀ।


ਦੱਸ ਦਈਏ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਐਤਵਾਰ ਨੂੰ ਗੰਨੇ ਦੇ ਭਾਅ ਬਾਰੇ ਚੰਡੀਗੜ੍ਹ ਵਿੱਚ ਹੋਈ 11 ਕਿਸਾਨ ਧਿਰਾਂ ਦੀ ਮੀਟਿੰਗ ਵਿੱਚ ਗੰਨੇ ਦੀ ਬਕਾਇਆ ਰਾਸ਼ੀ ਬਾਰੇ ਸਹਿਮਤੀ ਬਣ ਗਈ ਸੀ ਪਰ ਗੰਨੇ ਦੇ ਭਾਅ ਦਾ ਮਾਮਲਾ ਦੋ ਦਿਨਾਂ ਲਈ ਹੋਰ ਲਟਕ ਗਿਆ। ਕਿਸਾਨ ਆਗੂਆਂ ਦੀ ਚਿਤਾਵਨੀ ਨੇ ਪੰਜਾਬ ਸਰਕਾਰ ਨੂੰ ਪੈਰੋਂ ਕੱਢ ਦਿੱਤਾ ਹੈ ਜਿਸ ਕਰਕੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਨੇ ਦੇ ਭਾਅ ’ਤੇ ਕੋਈ ਨਵਾਂ ਐਲਾਨ ਕਰ ਸਕਦੇ ਹਨ। ਸਰਕਾਰੀ ਸੂਤਰਾਂ ਮੁਤਾਬਕ ਮੰਗਲਵਾਰ ਨੂੰ ਮੀਟਿੰਗ ਮੁੱਖ ਮੰਤਰੀ ਨਾਲ ਹੋਵੇਗੀ।


ਦੱਸ ਦਈਏ ਕਿ ਕਿਸਾਨ ਧਿਰਾਂ ਵੱਲੋਂ 20 ਅਗਸਤ ਤੋਂ ਜਲੰਧਰ ਵਿੱਚ ਗੰਨਾ ਕਾਸ਼ਤਕਾਰਾਂ ਦੀ ਅਗਵਾਈ ਕਰਕੇ ਸੜਕੀ ਤੇ ਰੇਲ ਮਾਰਗ ਰੋਕਿਆ ਹੋਇਆ ਹੈ। ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਕਰੀਬ 60 ਗੱਡੀਆਂ ਨੂੰ ਵੀ ਰੇਲ ਮਾਰਗਾਂ ਤੋਂ ਬਦਲਵੇਂ ਰੂਟਾਂ ’ਤੇ ਪਾਉਣਾ ਪਿਆ ਹੈ।


ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਨੇ 2017 ਵਿੱਚ ਵਾਅਦਾ ਕੀਤਾ ਕਿ ਹਰ ਵਰ੍ਹੇ ਗੰਨੇ ਦਾ ਭਾਅ ਵਧੇਗਾ ਤੇ ਮੁੱਖ ਮੰਤਰੀ ਨੇ 29 ਸਤੰਬਰ 2020 ਨੂੰ ਵਾਅਦਾ ਕੀਤਾ ਕਿ ਹਫ਼ਤੇ ਵਿੱਚ ਗੰਨੇ ਦਾ ਭਾਅ ਐਲਾਨ ਦਿੱਤਾ ਜਾਵੇਗਾ ਪਰ ਚਾਰ ਸਾਲਾਂ ਮਗਰੋਂ ਹੁਣ ਗੰਨੇ ਦਾ ਭਾਅ ਸਿਰਫ਼ 15 ਰੁਪਏ ਵਧਾਇਆ ਗਿਆ ਹੈ ਜੋ ਗੰਨਾ ਕਾਸ਼ਤਕਾਰਾਂ ਨਾਲ ਬੇਇਨਸਾਫ਼ੀ ਹੈ।


ਬੀਕੇਯੂ (ਰਾਜੇਵਾਲ) ਦੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਗੰਨੇ ਦਾ ਲਾਗਤ ਮੁੱਲ 392 ਰੁਪਏ ਬਣਦਾ ਹੈ ਤੇ ਸਰਕਾਰ ਨੂੰ 400 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਲਾਗਤ ਮੁੱਲ ਦੇ ਲਿਹਾਜ਼ ਨਾਲ ਭਾਅ ਦਿੱਤਾ ਜਾਵੇ ਤੇ ਕਾਸ਼ਤਕਾਰਾਂ ਦੇ ਬਕਾਏ ਵੀ ਜਾਰੀ ਕੀਤੇ ਜਾਣ।


ਇਹ ਵੀ ਪੜ੍ਹੋ: Health Tips: ਸਿਰਫ ਮਰਦਾਨਾ ਤਾਕਤ ਹੀ ਨਹੀਂ ਸਗੋਂ ਸਫ਼ੇਦ ਮੂਸਲੀ ਦੇ ਹੋਰ ਵੀ ਅਨੇਕਾਂ ਫ਼ਾਇਦੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904