ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਿਆ ਹੈ।ਉਨ੍ਹਾਂ ਤੰਜ ਕੱਸਦੇ ਹੋਏ ਬੀਜੇਪੀ ਨੂੰ "ਭਾਰਤੀ ਜਨਲੁੱਟ ਪਾਰਟੀ" ਦੱਸਿਆ ਹੈ। ਸੁਰਜੇਵਾਲਾ ਨੇ ਟਵੀਟ ਕਰ ਕਿਹਾ ਹੈ, "ਪਿਛਲੇ 13 ਮਹੀਨੇ ਵਿੱਚ ਪੈਟਰੋਲ ਦੀਆਂ ਕੀਮਤਾਂ 24.90 ਰੁਪਏ ਪ੍ਰਤੀ ਲੀਟਰ ਵਧਾਈਆਂ ਹਨ ਤੇ ਡੀਜ਼ਲ ਦੀਆਂ ਕੀਮਤਾਂ 23.90 ਰੁਪਏ ਵਧਾ ਦਿੱਤੇ ਗਏ ਹਨ।"



ਉਨ੍ਹਾਂ ਅੱਗੇ ਕਿਹਾ ਕਿ, "ਮਹਾਮਾਰੀ ਦੀ ਮਾਰ ਵਿੱਚ ਸਰਕਾਰ ਵੀ ਮੁਨਾਫਾਖੋਰ ਹੈ।"








ਤੁਹਾਨੂੰ ਦੱਸ ਦੇਈਏ ਕਿ ਮਈ ਮਹੀਨੇ ਦੇ ਆਖਰੀ ਦਿਨ ਸੋਮਵਾਰ ਨੂੰ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 25-30 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਹਾਲਾਂਕਿ ਕੁਝ ਸਥਾਨਾਂ ਤੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।

ਮਈ ਮਹੀਨੇ ਵਿੱਚ ਤੇਲ ਕੰਪਨੀਆਂ ਨੇ 16 ਵਾਰ ਤੇਲ ਦੀ ਕੀਮਤਾਂ ਵਿੱਚ ਵਾਧਾ ਕੀਤਾ।2 ਮਈ ਨੂੰ 5 ਰਾਜਾਂ/ਯੂਟੀ ਵਿੱਚ ਚੋਣਾਂ ਦੇ ਨਤੀਜੇ ਐਲਾਨ ਹੋਣ ਮਗਰੋਂ 4 ਮਈ ਨੂੰ ਤੇਲ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਇਆ ਹੈ।ਉਦੋਂ ਤੋਂ ਲੈ ਕੇ ਹੁਣ ਤਕ 16 ਵਾਰ ਵਾਧਾ ਹੋ ਚੁੱਕਾ ਹੈ।

ਰਾਜਧਾਨੀ ਦਿੱਲੀ ਵਿੱਚ ਪੈਟਰੋਲ 3.83 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 4.42 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਉਧਰ, ਮੁੰਬਈ, ਭੁਪਾਲ ਤੇ ਗੰਗਾਨਗਰ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।