ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਮਚੀ ਹਾਹਾਕਾਰ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਜਿਸ ਰਫ਼ਤਾਰ ਨਾਲ ਕੇਸ ਵਧੇ ਸੀ, ਉਸੇ ਰਫ਼ਤਾਰ ਨਾਲ ਘੱਟ ਰਹੇ ਹਨ। 6 ਮਈ ਤੋਂ ਬਾਅਦ ਮਤਲਬ ਜੇ ਅਸੀਂ ਪਿਛਲੇ 24 ਦਿਨਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸ 63% ਘੱਟ ਕੇ 1.53 ਲੱਖ ਰਹਿ ਗਏ ਹਨ।

ਦਰਅਸਲ ਕੋਰੋਨਾ ਦੀ ਰਫ਼ਤਾਰ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 1 ਮਾਰਚ ਨੂੰ ਦੇਸ਼ 'ਚ 12,270 ਕੇਸ ਸਾਹਮਣੇ ਆਏ ਸੀ। 67 ਦਿਨ ਬਾਅਦ ਮਤਲਬ 6 ਮਈ ਨੂੰ ਇਹ ਅੰਕੜਾ 34 ਗੁਣਾ ਵਧ ਕੇ 4.14 ਲੱਖ ਨੂੰ ਪਾਰ ਕਰ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਦੇਸ਼ 'ਚ ਆਕਸੀਜਨ, ਵੈਂਟੀਲੇਟਰਾਂ ਲਈ ਹਾਹਾਕਾਰ ਮਚੀ ਹੋਈ ਸੀ। ਲੋਕ ਰੈਮਡੇਸਿਵਰ ਵਰਗੀਆਂ ਦਵਾਈਆਂ ਲਈ ਦਰ-ਦਰ ਭਟਕ ਰਹੇ ਸਨ। ਇਸ ਤੋਂ ਬਾਅਦ ਕੋਰੋਨਾ ਦੇ ਘੱਟ ਰਹੇ ਕੇਸਾਂ ਨੇ ਲੋਕਾਂ ਤੇ ਸਰਕਾਰ ਨੂੰ ਸੁੱਖ ਦਾ ਸਾਹ ਲੈਣ ਦਾ ਮੌਕਾ ਦਿੱਤਾ ਹੈ।

ਜੇ ਅਸੀਂ ਕੋਰੋਨਾ ਦੇ ਘੱਟ ਰਹੇ ਕੇਸਾਂ ਦੇ ਰੁਝਾਨ ਨੂੰ ਵੇਖੀਏ ਤਾਂ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਦੇ ਕੇਸਾਂ ਦੀ ਗਿਣਤੀ 'ਚ ਲਗਪਗ 10 ਹਜ਼ਾਰ ਦੀ ਕਮੀ ਹੈ। ਜੇ ਆਉਣ ਵਾਲੇ 10 ਦਿਨ ਤਕ ਇਹੀ ਰੁਝਾਨ ਜਾਰੀ ਰਿਹਾ ਤਾਂ 10 ਜੂਨ ਤੋਂ ਬਾਅਦ ਦੇਸ਼ 'ਚ ਰੋਜ਼ਾਨਾ 50 ਹਜ਼ਾਰ ਤੋਂ ਵੀ ਘੱਟ ਕੇਸ ਆਉਣਗੇ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਇਹ ਅੰਕੜਾ ਹੋਰ ਘੱਟ ਜਾਵੇਗਾ।

ਦੱਸ ਦਈਏ ਕਿ ਦੂਜੀ ਲਹਿਰ ਦੌਰਾਨ ਜਿਵੇਂ-ਜਿਵੇਂ ਸਰਕਾਰ ਨੇ ਟੈਸਟਿੰਗ ਵਧਾਈ, ਨਵੇਂ ਲਾਗ ਦੇ ਅੰਕੜੇ ਵਧਣੇ ਸ਼ੁਰੂ ਹੋ ਗਏ। ਮਿਸਾਲ ਵਜੋਂ 1 ਮਾਰਚ ਨੂੰ 7.59 ਲੱਖ ਟੈਸਟ ਕੀਤੇ ਗਏ ਸੀ ਤੇ 12,270 ਮਰੀਜ਼ਾਂ ਦੀ ਪਛਾਣ ਹੋਈ ਸੀ। ਇਸ ਤੋਂ ਬਾਅਦ 31 ਮਾਰਚ ਨੂੰ ਟੈਸਟ ਵਧਾ ਕੇ 11.25 ਲੱਖ ਕਰ ਦਿੱਤੇ ਗਏ ਤੇ 72 ਹਜ਼ਾਰ ਪੌਜ਼ੇਟਿਵ ਕੇਸ ਮਿਲੇ ਸਨ। ਦੇਸ਼ 'ਚ 6 ਮਈ ਨੂੰ ਸਭ ਤੋਂ ਵੱਧ 4.14 ਲੱਖ ਪੌਜ਼ੇਟਿਵ ਕੇਸ ਸਾਹਮਣੇ ਆਏ ਸਨ।

ਇਸ ਤੋਂ ਬਾਅਦ ਸਰਕਾਰ ਨੇ ਜਿਵੇਂ-ਜਿਵੇਂ ਟੈਸਟ ਵਧਾਏ, ਉਂਝ ਕੋਰੋਨਾ ਦੇ ਮਾਮਲੇ ਘੱਟ ਹੁੰਦੇ ਗਏ। ਦੇਸ਼ 'ਚ 25 ਮਈ ਨੂੰ ਸਭ ਤੋਂ ਵੱਧ 22.17 ਲੱਖ ਟੈਸਟ ਕੀਤੇ ਗਏ ਸਨ ਤੇ ਇਸ ਦਿਨ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 2.08 ਲੱਖ ਸੀ। ਹੁਣ ਰੋਜ਼ਾਨਾ ਔਸਤਨ 2 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ ਤੇ ਨਵੇਂ ਕੇਸਾਂ ਦੀ ਗਿਣਤੀ 2 ਲੱਖ ਤੋਂ ਘੱਟ ਗਈ ਹੈ।

ਉਂਝ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਜ਼ਰੂਰ ਹੋ ਰਹੇ ਹਨ, ਪਰ ਮੌਤਾਂ ਦੇ ਅੰਕੜਿਆਂ ਨੇ ਚਿੰਤਾ ਵਧਾਈ ਹੋਈ ਹੈ। 1 ਮਾਰਚ ਨੂੰ ਦੇਸ਼ 'ਚ ਸਿਰਫ਼ 92 ਮੌਤਾਂ ਦਰਜ ਕੀਤੀਆਂ ਗਈਆਂ ਸੀ। ਇਹ ਅੰਕੜਾ ਦੂਜੀ ਲਹਿਰ 'ਚ 4500 ਨੂੰ ਪਾਰ ਕਰ ਗਿਆ ਸੀ। ਹੁਣ ਵੀ ਦੇਸ਼ 'ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ 3500 ਤੋਂ ਹੇਠਾਂ ਨਹੀਂ ਆ ਰਹੀ।

ਮਾਰਚ 'ਚ ਦੇਸ਼ ਵਿੱਚ ਕੋਰੋਨਾ ਕਾਰਨ 5,766 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਅਪ੍ਰੈਲ 'ਚ ਇਹ ਅੰਕੜਾ ਵੱਧ ਕੇ 48,879 ਤਕ ਪਹੁੰਚ ਗਿਆ ਸੀ। ਮਈ 'ਚ ਮੌਤਾਂ ਨੇ ਹੋਰ ਤੇਜ਼ ਰਫ਼ਤਾਰ ਫੜ ਲਈ ਤੇ ਇਸ ਦੌਰਾਨ ਰਿਕਾਰਡ 1 ਲੱਖ 14 ਹਜ਼ਾਰ 159 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ।