ਨਵੀਂ ਦਿੱਲੀ: ਮੁੱਖ ਆਰਥਿਕ ਸਲਾਹਕਾਰ ਦੇ ਵੀ ਸੁਬ੍ਰਾਮਨੀਅਮ ਨੇ ਸੋਮਵਾਰ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਭਾਰਤੀ ਅਰਥ-ਵਿਵਸਥਾ 'ਤੇ ਬਹੁਤ ਵੱਡਾ ਅਸਰ ਪੈਣ ਦੀ ਖਦਸ਼ਾ ਨਹੀਂ ਹੈ। ਪਰ ਅੱਗੇ ਵਿਕਾਸ ਦੀ ਰਫ਼ਤਾਰ ਚ ਤੇਜ਼ੀ ਲਿਆਉਣ ਲਈ ਵਿੱਤੀ ਤੇ ਮੁਦਰਿਕ ਸਹਾਇਤਾ ਦੀ ਲੋੜ ਪਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਮਹਾਮਾਰੀ ਤੋਂ ਪੈਦਾ ਹਾਲਾਤ ਦੇਖਦਿਆਂ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਕੀ ਮੌਜੂਦਾ ਵਿੱਤੀ ਸਾਲ 'ਚ ਦੇਸ਼ ਦੀ ਆਰਥਿਕ ਵਾਧਾ ਦਰ ਦੋਹਰੇ ਅੰਕ 'ਚ ਦਸ ਜਾਂ ਦਸ ਫੀਸਦ ਤੋਂ ਉੱਪਰ ਹੋਵੇਗੀ।


ਇਸ ਸਾਲ ਜਨਵਰੀ 'ਚ ਜਾਰੀ ਆਰਥਿਕ ਸਰਵੇਖਣ 2020-21 'ਚ ਮਾਰਚ 2022 'ਚ ਸਮਾਪਤ ਹੋਣ ਵਾਲੇ ਮੌਜੂਦਾ ਵਿੱਤੀ ਸਾਲ 'ਚ 11 ਫੀਸਦ ਦੇ ਵਾਧੇ ਦਾ ਅੰਦਾਜ਼ਾ ਲਾਇਆ ਗਿਆ ਸੀ।


ਸੁਬ੍ਰਾਮਨੀਅਮ ਨੇ ਕਿਹਾ, 'ਮਹਾਮਾਰੀ ਨੂੰ ਲੈਕੇ ਬਣੀ ਹੋਈ ਅਨਿਸ਼ਚਿਤਤਾ ਨੂੰ ਦੇਖਦਿਆਂ ਸਾਡਾ ਅੰਦਾਜ਼ਾ ਹੈ ਕਿ ਬਹੁਤ ਵੱਡਾ ਅਸਰ ਨਹੀਂ ਪਵੇਗਾ। ਖਾਸਕਰ ਇਹ ਧਿਆਨ 'ਚ ਰੱਖਦਿਆਂ ਹੋਇਆਂ ਕਿ ਅਸੀਂ ਆਰਥਿਕ ਸਰਵੇਖਣ ਤੇ ਬਜਟ ਦੋਵਾਂ 'ਚ ਜੋ ਅੰਦਾਜ਼ੇ ਲਾਏ ਸਨ ਉਹ ਬਹੁਤ ਸਹੀ ਅਨੁਮਾਨ ਸੀ।'


ਜ਼ਿਕਰਯੋਗ ਹੈ ਕਿ ਮਹਾਮਾਰੀ ਦੀ ਦੂਜੀ ਲਹਿਰ ਦੀ ਲਪੇਟ 'ਚ ਆਉਣ ਤੋਂ ਠੀਕ ਪਹਿਲਾਂ ਆਖਰੀ ਤਿਮਾਹੀ 'ਚ ਵਾਧਾ ਦਰ ਦੇ ਜ਼ੋਰ ਫੜ੍ਹਨ ਤੋਂ ਬਾਅਦ ਮਾਰਚ, 2021 'ਚ ਸਮਾਪਤ ਵਿੱਤੀ ਸਾਲ 'ਚ ਭਾਰਤ ਦੇ ਸਕਲ ਘਰੇਲੂ ਉਤਪਾਦ ਜੀਡੀਪੀ 'ਚ ਗਿਰਾਵਟ 7.3 ਫੀਸਦ ਤਕ ਸੀਮਿਤ ਰਹਿ ਗਈ। ਪਹਿਲਾਂ ਇਸ 'ਚ ਵੱਡੀ ਗਿਰਾਵਟ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ।'


ਸੁਬ੍ਰਾਮਨੀਅਮ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਮਈ 'ਚ ਆਪਣੇ ਸਿਖਰ 'ਤੇ ਪਹੁੰਚੀ ਤੇ ਬਿਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਲਾਈਆਂ ਸਥਾਨਕ ਤੇ ਸੂਬਾ ਪੱਧਰੀ ਪਾਬੰਦੀਆਂ ਨਾਲ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਵਾਧਾ ਦਰ ਡਿੱਗਣ ਦਾ ਥੋੜਾ ਖਤਰਾ ਹੈ।'


ਮੁੱਖ ਆਰਥਿਕ ਸਲਾਹਕਾਰ ਨੇ ਕਿਹਾ ਕਿ ਮਾਰਚ, 2021 ਤਕ ਅਰਥਵਿਵਸਥਾ ਦੀ ਹਾਲਤ 'ਚ ਚੰਗਾ ਸੁਧਾਰ ਹੋ ਚੁੱਕਾ ਸੀ। ਛੇਤੀ ਪ੍ਰਾਪਤ ਹੋਣ ਵਾਲੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸੁਧਾਰ ਦੀ ਰਫ਼ਤਾਰ ਤੇ ਮਹਾਂਮਾਰੀ ਦੀ ਦੂਜੀ ਲਹਿਰ ਦਾ ਅਸਰ ਪਿਆ।


ਉਨ੍ਹਾਂ ਕਿਹਾ ਦੂਜੀ ਲਹਿਰ ਦੀ ਰਫ਼ਤਾਰ ਤੇ ਪੱਧਰ ਤੋਂ ਅਰਥ-ਵਿਵਸਥਾ 'ਤੇ ਅਸਰ ਦਾ ਖਦਸ਼ਾ ਹੈ ਕਿਉਂਕਿ ਅਰਥਵਿਵਸਥਾ ਹੁਣ ਵੀ ਪਿਛਲੇ ਸਾਲ ਪੂਰਤੀ ਤੇ ਮੰਗ ਤੇ ਪਏ ਅਸਰ 'ਚੋਂ ਉੱਭਰ ਰਹੀ ਸੀ।


ਉਨ੍ਹਾਂ ਟੀਕਾਕਰਨ ਦੀ ਰਫ਼ਤਾਰ ਵਧਾਉਣ ਤੇ ਕੋਵਿਡ ਉੱਚਿਤ ਵਿਵਹਾਰ ਦਾ ਪਾਲਣ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਕੋਵਿਡ-19 ਇਕ ਹੋਰ ਲਹਿਰ ਦੇ ਖਦਸ਼ੇ ਨੂੰ ਘੱਟ ਕਰਨ 'ਚ ਮਦਦ ਮਿਲੇਗੀ।