ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਨੇ ਬੀਤੇ ਸਾਲ ਤੋਂ ਕੋਹਰਾਮ ਮਚਾਇਆ ਹੋਇਆ ਹੈ ਤੇ ਇਹ ਦੂਜੀ ਲਹਿਰ ਪਹਿਲਾਂ ਤੋਂ ਕਾਫੀ ਭਿਆਨਕ ਸਾਬਤ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਦੂਜੀ ਲਹਿਰ ਦੇ ਚੱਲਦਿਆਂ ਜਿੱਥੇ ਲੱਖਾਂ ਕਰੋੜਾਂ ਲੋਕ ਮਹਾਂਮਾਰੀ ਤੋਂ ਇਨਫੈਕਟਡ ਹੋਏ ਤੇ ਭਾਰੀ ਸੰਖਿਆਂ 'ਚ ਲੋਕਾਂ ਨੇ ਜਾਨ ਗਵਾਈ। ਉੱਥੇ ਹੀ ਦੇਸ਼ 'ਚ ਕਰੀਬ ਇਕ ਕਰੋੜ ਲੋਕਾਂ ਨੇ ਇਸ ਦੂਜੀ ਲਹਿਰ ਦੇ ਚੱਲਦਿਆਂ ਨੌਕਰੀਆਂ ਗਵਾਈਆਂ।


ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕੋਨੌਮੀ ਦੇ ਮੁੱਖ ਕਾਰਜਪਾਲਕ ਅਧਿਕਾਰੀ ਮਹੇਸ਼ ਵਿਆਸ ਦੇ ਮੁਤਾਬਕ ਬੀਤੇ ਸਾਲ ਕੋਰੋਨਾ ਦੀ ਸ਼ੁਰੂਆਤ ਦੇ ਵਕਤ ਤੋਂ ਹੁਣ ਤਕ 97 ਫੀਸਦ ਪਰਿਵਾਰਾਂ ਦੀ ਆਮਦਨ 'ਚ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਦਰ ਜੋ ਅਪ੍ਰੈਲ ਮਹੀਨੇ 'ਚ 8 ਫੀਸਦ ਸੀ ਉਹ ਹੁਣ ਮਈ ਮਹੀਨੇ 'ਚ 12 ਫੀਸਦ ਹੋ ਗਈ ਹੈ। ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਕਰੀਬ ਇਕ ਕਰੋੜ ਭਾਰਤੀਆਂ ਨੇ ਇਸ ਮਹਾਮਾਰੀ ਦੇ ਚੱਲਦਿਆਂ ਨੌਕਰੀ ਤੋਂ ਹੱਥ ਧੋ ਦਿੱਤਾ ਹੈ।


ਲੋਕਾਂ ਨੂੰ ਨਹੀਂ ਮਿਲ ਰਿਹਾ ਕੰਮ


ਵਿਆਸ ਦੇ ਮੁਤਾਬਕ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣ ਦਾ ਮੁੱਖ ਕਾਰਨ ਕੋਰੋਨਾ ਦੀ ਦੂਜੀ ਲਹਿਰ ਹੈ। ਉਨ੍ਹਾਂ ਕਿਹਾ ਕਿ, 'ਜਿਹੜੇ ਲੋਕਾਂ ਦੀਆਂ ਇਸ ਦੌਰਾਨ ਨੌਕਰੀਆਂ ਗਈਆਂ ਉਨ੍ਹਾਂ ਨੂੰ ਨਵਾਂ ਕੰਮ ਲੱਭਣ 'ਚ ਤਕਲੀਫ ਹੋ ਰਹੀ ਹੈ।
ਦੱਸ ਦੇਈਏ ਬੀਤੇ ਸਾਲ ਕੋਰੋਨਾ ਦੇ ਚੱਲਦਿਆਂ ਲਾਏ ਗਏ ਦੇਸ਼-ਵਿਆਪੀ ਲੌਕਡਾਊਨ ਕਾਰਨ ਬੇਰੋਜ਼ਗਾਰੀ ਦਰ 23.5 ਫੀਸਦ 'ਤੇ ਜਾ ਪਹੁੰਚੀ ਸੀ। ਵਿਆਸ ਨੇ ਦੱਸਿਆ ਕਿ 3 ਤੋਂ 4 ਫੀਸਦ ਬੇਰੋਜ਼ਗਾਰੀ ਦਰ ਨੂੰ ਭਾਰਤੀ ਅਰਥਵਿਵਸਥਾ ਲਈ ਆਮ ਦੱਸਿਆ ਜਾਂਦਾ ਹੈ। ਉੱਥੇ ਹੀ ਜਿਸ ਪ੍ਰਤੀਸ਼ਤ 'ਤੇ ਹੁਣ ਹੈ ਉਸ ਦੇ ਹਿਸਾਬ ਨਾਲ ਸਥਿਤੀ ਆਮ ਹੋਣ 'ਚ ਅਜੇ ਸਮਾਂ ਲੱਗੇਗਾ।


97 ਫੀਸਦ ਪਰਿਵਾਰਾਂ ਦੀ ਘਟੀ ਆਮਦਨ-ਵਿਆਸ


ਵਿਆਸ ਨੇ ਕਿਹਾ ਕਿ ਸੀਐਮਆਈਈ ਨੇ ਬੀਤੇ ਮਹੀਨੇ 1.75 ਲੱਖ ਪਰਿਵਾਰਾਂ ਦੇ ਸਰਵੇਖਣ ਦਾ ਕੰਮ ਪੂਰਾ ਕੀਤਾ ਹੈ। ਸਰਵੇਖਣ 'ਚ ਸਿਰਫ 3 ਫੀਸਦ ਅਜਿਹੇ ਪਰਿਵਾਰ ਮਿਲੇ ਜਿੰਨ੍ਹਾ ਨੇ ਆਮਦਨ ਵਧਣ ਦੀ ਗੱਲ ਕੀਤੀ ਤਾਂ ਉੱਥੇ ਹੀ 55 ਫੀਸਦ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਘਟੀ ਹੈ। 42 ਫੀਸਦ ਅਜਿਹੇ ਸਨ ਜਿੰਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਬੀਤੇ ਸਾਲ ਦੇ ਬਰਾਬਰ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਅੰਦਾਜ਼ੇ ਮੁਤਾਬਕ ਦੇਸ਼ 'ਚ 97 ਫੀਸਦ ਪਰਿਵਾਰ ਅਜਿਹੇ ਹਨ ਜਿੰਨ੍ਹਾਂ ਦੀ ਕੋਰੋਨਾ ਮਹਾਮਾਰੀ ਦੌਰਾਨ ਆਮਦਨ ਘੱਟ ਹੋਈ ਹੈ।