ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਨੇ ਅੱਜ ਇੱਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਵਿਆਹਾਂ ਦੇ ਸੀਜ਼ਨ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਆਏ ਜ਼ਬਰਦਸਤ ਉਛਾਲ ਕਾਰਨ ਲੋਕਾਂ ਦੀਆਂ ਮੁਸੀਬਤਾਂ ਹੁਣ ਹੋਰ ਵਧ ਗਈਆਂ ਹਨ।

ਲਗਾਤਾਰ 6ਵੇਂ ਦਿਨ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਅੱਜ ਪੈਟਰੋਲ ਦੀ ਕੀਮਤ ਵਿੱਚ 30 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ ਵਿੱਚ 26 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਨਵੀਂਆਂ ਦਰਾਂ ਸਵੇਰੇ ਛੇ ਵਜੇ ਤੋਂ ਲਾਗੂ ਹੋ ਗਈਆਂ ਹਨ।

ਭਾਰਤ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 83 ਰੁਪਏ 71 ਪੈਸੇ ਹੋ ਗਈ ਹੈ; ਜਦਕਿ ਡੀਜ਼ਲ ਅੱਜ 73 ਰੁਪਏ 88 ਪੈਸੇ ਪ੍ਰਤੀ ਲਿਟਰ ਦੀ ਕੀਮਤ ਉੱਤੇ ਮਿਲ ਰਿਹਾ ਹੈ। ਰੋਜ਼ਮੱਰਾ ਦੀ ਵਰਤੋਂ ਵਾਲਾ ਤੇਲ ਮਹਿੰਗਾ ਹੋਣ ਕਾਰਣ ਲੋਕ ਕਾਫ਼ੀ ਫ਼ਿਕਰਮੰਦ ਵਿਖਾਈ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਮੱਧ ਪ੍ਰਦੇਸ਼ ’ਚ ਅੱਜ 91 ਰੁਪਏ 43 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ 81 ਰੁਪਏ 62 ਪੈਸੇ ਪ੍ਰਤੀ ਲਿਟਰ ਮਿਲ ਰਿਹਾ ਹੈ। ਦੋ ਦਸੰਬਰ ਦੇ ਬਾਅਦ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

ਉੱਧਰ ਕੋਲਕਾਤਾ ’ਚ ਪੈਟਰੋਲ ਦੀ ਕੀਮਤ ਅੱਜ 85 ਰੁਪਏ 19 ਪੈਸੇ ਅਤੇ ਚੇਨਈ ਵਿੱਚ 86 ਰੁਪਏ 51 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਇਨ੍ਹਾਂ ਦੋਵੇਂ ਸ਼ਹਿਰਾਂ ਵਿੱਚ ਡੀਜ਼ਲ ਦੀ ਕੀਮਤ 77 ਰੁਪਏ 44 ਪੈਸੇ ਤੇ 79 ਰੁਪਏ 21 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਮੁੰਬਈ ’ਚ ਪੈਟਰੋਲ 90 ਰੁਪਏ 34 ਪੈਸੇ ਤੇ ਡੀਜ਼ਲ 80 ਰੁਪਏ 51 ਪੈਸੇ ਪ੍ਰਤੀ ਲਿਟਰ ਹੋ ਗਿਆ ਹੈ।