RBI Rules for Loan Recovery: ਕਰਜ਼ੇ ਦੀ ਵਸੂਲੀ ਲਈ ਏਜੰਟਾਂ ਦੀ ਧੱਕੇਸ਼ਾਹੀ 'ਤੇ ਭਾਰਤੀ ਰਿਜ਼ਰਵ ਬੈਂਕ ਨੇ ਸ਼ਿਕੰਜਾ ਕੱਸਿਆ ਹੈ। ਰਿਜ਼ਰਵ ਬੈਂਕ ਕਰਜ਼ੇ ਦੀ ਵਸੂਲੀ ਲਈ ਬੈਂਕ ਏਜੰਟਾਂ ਦੀਆਂ ਵਕਤ-ਬੇਵਕਤ ਕਾਲਾਂ ਨੂੰ ਰੋਕਣ ਲਈ ਸਖਤ ਨਿਯਮ ਲੈ ਕੇ ਆ ਰਿਹਾ ਹੈ। RBI ਵੱਲੋਂ ਪ੍ਰਸਤਾਵਿਤ ਨਿਯਮਾਂ ਅਨੁਸਾਰ ਜੇਕਰ ਕੋਈ ਗਾਹਕ ਸਮੇਂ 'ਤੇ ਕਰਜ਼ ਦੀ ਕਿਸ਼ਤ ਨਹੀਂ ਵੀ ਭਰਦਾ ਤਾਂ ਲੋਨ ਰਿਕਵਰੀ ਏਜੰਟ ਸਵੇਰੇ 8 ਵਜੇ ਤੇ ਸ਼ਾਮ 7 ਵਜੇ ਤੋਂ ਪਹਿਲਾਂ ਕਰਜ਼ਦਾਰ ਨੂੰ ਕਾਲ ਨਹੀਂ ਕਰ ਸਕੇਗਾ।



ਇਕਨਾਮਿਕ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਵਿੱਤੀ ਸੰਸਥਾਵਾਂ ਵੱਲੋਂ ਕਿਸੇ ਵੀ ਕੰਮ ਨੂੰ ਆਊਟਸੋਰਸ ਕਰਨ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਉਹ ਗਾਹਕਾਂ ਪ੍ਰਤੀ ਬਰਾਬਰ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਇਸ ਡਰਾਫਟ ਵਿੱਚ ਆਰਬੀਆਈ ਨੇ ਡਾਇਰੈਕਟ ਸੇਲਜ਼ ਏਜੰਟ, ਡਾਇਰੈਕਟ ਮਾਰਕੇਟਿੰਗ ਏਜੰਟ ਤੇ ਰਿਕਵਰੀ ਏਜੰਟਾਂ ਲਈ ਨਿਯਮ ਬਣਾਉਣ ਦੀ ਗੱਲ ਕਹੀ ਹੈ। ਇਹ ਨਿਯਮ ਜਨਤਕ, ਪ੍ਰਾਈਵੇਟ ਤੇ ਐਨਬੀਐਫਸੀ ਤਿੰਨਾਂ 'ਤੇ ਲਾਗੂ ਹੋਣਗੇ। ਇਸ ਦੇ ਨਾਲ ਹੀ ਆਰਬੀਆਈ ਨੇ ਕਿਹਾ ਹੈ ਕਿ ਰਿਕਵਰੀ ਏਜੰਟਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਕਿ ਲੋਨ ਦੀ ਵਸੂਲੀ ਕਰਦੇ ਸਮੇਂ ਕਾਲ ਜਾਂ ਮੈਸੇਜ 'ਤੇ ਗਾਹਕ ਨਾਲ ਕਦੋਂ ਤੇ ਕਿਵੇਂ ਗੱਲਬਾਤ ਕਰਨੀ ਹੈ।



ਇਸ ਦੇ ਨਾਲ ਹੀ ਗਾਹਕਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ, ਆਰਬੀਆਈ ਨੇ ਵਿੱਤੀ ਸੰਸਥਾਵਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਰਿਕਵਰੀ ਏਜੰਟਾਂ ਨੂੰ ਸਮਝਾਉਣ ਕਿ ਉਹ ਕਰਜ਼ੇ ਦੀ ਵਸੂਲੀ ਲਈ ਧਮਕੀਆਂ ਜਾਂ ਪ੍ਰੇਸ਼ਾਨ ਕਰਨ ਦਾ ਸਹਾਰਾ ਨਹੀਂ ਲੈ ਸਕਦੇ। ਇਸ ਦੇ ਨਾਲ, ਰਿਕਵਰੀ ਏਜੰਟ ਕਰਜ਼ਦਾਰਾਂ ਨੂੰ ਜ਼ਲੀਲ ਨਹੀਂ ਕਰ ਸਕਦੇ। ਵਿੱਤੀ ਸੰਸਥਾਵਾਂ ਨੂੰ ਇਹ ਵੀ ਧਿਆਨ ਵਿੱਚ ਰੱਖਣ ਲਈ ਕਿਹਾ ਹੈ ਕਿ ਕਰਜ਼ੇ ਦੀ ਵਸੂਲੀ ਸਮੇਂ ਕਰਜ਼ਦਾਰਾਂ ਦੀ ਨਿੱਜਤਾ ਦਾ ਪੂਰਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।


ਇਸ ਦੇ ਨਾਲ ਹੀ, ਰਿਜ਼ਰਵ ਬੈਂਕ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਤੇ ਬੈਂਕਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਮਹੱਤਵਪੂਰਨ ਨੀਤੀ ਪ੍ਰਬੰਧਨ ਕਾਰਜਾਂ ਜਿਵੇਂ ਕਿ ਕੇਵਾਈਸੀ ਨਿਯਮਾਂ, ਕਰਜ਼ੇ ਦੀ ਮਨਜ਼ੂਰੀ ਆਦਿ ਨੂੰ ਦੂਜੀਆਂ ਕੰਪਨੀਆਂ ਨੂੰ ਆਊਟਸੋਰਸ ਕਰਨ ਤੋਂ ਬਚਣ। ਆਰਬੀਆਈ ਨੇ ਵਿੱਤੀ ਸੇਵਾਵਾਂ ਦੇ ਆਊਟਸੋਰਸਿੰਗ ਵਿੱਚ ਜੋਖਮ ਪ੍ਰਬੰਧਨ ਤੇ ਆਚਾਰ ਸੰਹਿਤਾ ਦੇ ਆਪਣੇ ਡਰਾਫਟ ਮਾਸਟਰ ਨਿਰਦੇਸ਼ ਵਿੱਚ ਇਹ ਗੱਲਾਂ ਕਹੀਆਂ ਹਨ।