Rupee-Dollar Update: ਡਾਲਰ ਦੇ ਮੁਕਾਬਲੇ ਰੁਪਇਆ ਬੁੱਧਵਾਰ ਨੂੰ ਪਹਿਲੀ ਵਾਰ 79 ਰੁਪਏ ਤੋਂ ਹੇਠਾਂ ਖਿਸਕ ਗਿਆ ਹੈ। ਕਰੰਸੀ ਮਾਰਕਿਟ 'ਚ ਅੱਜ ਦੇ ਕਾਰੋਬਾਰ ਦੇ ਖਤਮ ਹੋਣ 'ਤੇ ਰੁਪਏ 'ਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਤੇ ਰੁਪਇਆ ਪਹਿਲੀ ਵਾਰ 19 ਪੈਸੇ ਡਿੱਗ ਕੇ 79.04 ਰੁਪਏ 'ਤੇ ਬੰਦ ਹੋਇਆ ਹੈ।


ਰੁਪਇਆ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਹੇਠਲੇ ਪੱਧਰ 'ਤੇ ਬੰਦ ਹੋ ਰਿਹਾ ਹੈ। ਦਰਅਸਲ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ, ਮਹਿੰਗਾਈ 'ਚ ਤੇਜ਼ੀ ਤੇ ਵਿਦੇਸ਼ੀ ਨਿਵੇਸ਼ਕਾਂ ਵਲੋਂ ਕੀਤੀ ਗਈ ਵਿਕਰੀ ਕਾਰਨ ਰੁਪਏ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਇੰਟਰਬੈਂਕ ਕਰੰਸੀ ਐਕਸਚੇਂਜ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 78.86 'ਤੇ ਖੁੱਲ੍ਹਿਆ, ਪਰ ਫਿਰ 79.04 ਦੇ ਹੇਠਲੇ ਪੱਧਰ 'ਤੇ ਆ ਗਿਆ।


ਦੱਸ ਦੇਈਏ ਕਿ 23 ਫਰਵਰੀ 2022 ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਡਾਲਰ ਦੇ ਮੁਕਾਬਲੇ ਰੁਪਿਆ 74.62 ਦੇ ਪੱਧਰ 'ਤੇ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਿਆ 80 ਰੁਪਏ ਦੇ ਪੱਧਰ ਤੱਕ ਡਿੱਗ ਸਕਦਾ ਹੈ।


ਦਰਅਸਲ ਵਿਦੇਸ਼ੀ ਨਿਵੇਸ਼ਕਾਂ ਦੀ ਭਾਰੀ ਵਿਕਰੀ ਕਾਰਨ ਕਰੰਸੀ ਬਾਜ਼ਾਰ 'ਚ ਡਾਲਰ ਦੀ ਕਮੀ ਤੇਜ਼ੀ ਨਾਲ ਵਧ ਰਹੀ ਹੈ। ਜਦਕਿ ਡਾਲਰ ਦੀ ਮੰਗ ਵਧੀ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਇਸ ਸਾਲ ਭਾਰਤੀ ਬਾਜ਼ਾਰ 'ਚੋਂ 28 ਅਰਬ ਡਾਲਰ ਦਾ ਆਪਣਾ ਨਿਵੇਸ਼ ਵਾਪਸ ਲੈ ਲਿਆ ਹੈ। ਆਰਬੀਆਈ ਨੇ ਕਿਹਾ ਸੀ ਕਿ ਉਹ ਆਪਣੇ ਭੰਡਾਰ ਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


ਇਸ ਦੇ ਨਾਲ ਹੀ ਅਮਰੀਕੀ ਫੈੱਡ ਰਿਜ਼ਰਵ ਜੁਲਾਈ 'ਚ ਮੁੜ ਵਿਆਜ ਦਰਾਂ ਵਧਾਉਣ ਦਾ ਫੈਸਲਾ ਕਰ ਸਕਦਾ ਹੈ। ਇਸ ਡਰ ਕਾਰਨ ਵਿਦੇਸ਼ੀ ਨਿਵੇਸ਼ਕ ਵੇਚ ਕੇ ਆਪਣਾ ਪੈਸਾ ਜਮ੍ਹਾ ਕਰਵਾਉਣ ਵਿੱਚ ਲੱਗੇ ਹੋਏ ਹਨ। ਹਾਲਾਂਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਭਾਰਤ ਦੀ ਪਰੇਸ਼ਾਨੀ ਵਧਾ ਸਕਦੀ ਹੈ ਕਿਉਂਕਿ ਈਂਧਨ ਤੋਂ ਲੈ ਕੇ ਖਾਣ ਵਾਲੇ ਤੇਲ ਵਰਗੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ।