ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈਕੋਰਟ ਨੇ ਝਟਕਾ ਦਿੱਤਾ ਹੈ। ਦਰਅਸਲ ਗਿਲਜੀਆਂ ਵੱਲੋਂ ਆਪਣੇ ਖਿਲਾਫ ਦਰਜ ਭ੍ਰਿਸ਼ਟਾਚਾਰ ਦਾ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ ਤੇ ਕਿਹਾ ਇਹ ਕੋਈ ਜ਼ਰੂਰੀ ਪਟੀਸ਼ਨ ਨਹੀਂ ਹੈ।
ਇਸ ਨੂੰ ਰੈਗੂਲਰ ਸੁਣਵਾਈ ਕੀਤੀ ਜਾ ਸਕਦੀ ਹੈ। ਕੋਰਟ ਦਾ ਕਹਿਣਾ ਹੈ ਕਿ ਹਾਈ ਕੋਰਟ ਵਿੱਚ ਇਸ ਸਮੇਂ ਛੁੱਟੀਆਂ ਚੱਲ ਰਹੀਆਂ ਹਨ। ਉੱਥੇ ਹੀ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਗਿਲਜੀਆਂ ਨੂੰ ਅਗਾਊਂ ਜ਼ਮਾਨਤ ਚਾਹੀਦੀ ਹੈ ਤਾਂ ਉਨ੍ਹਾਂ ਨੂੰ ਹੇਠਲੀ ਅਦਾਲਤ ਵਿਚ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ ਗਿਲਜੀਆਂ ਗ੍ਰਿਫਤਾਰੀ ਤੋਂ ਬਚਣ ਲਈ ਪਹਿਲਾਂ ਹੀ ਰਾਹਤ ਦੀ ਕੋਸ਼ਿਸ਼ ਕਰ ਰਹੇ ਹਨ। ਹਾਈ ਕੋਰਟ ਨੇ ਕਿਹਾ ਕਿ ਜੇਕਰ ਗਿਲਜੀਆਂ ਨੂੰ ਮਾਮਲਾ ਜ਼ਰੂਰੀ ਲੱਗਦਾ ਹੈ ਤਾਂ ਉਹ ਅਗਾਊਂ ਜ਼ਮਾਨਤ ਲਈ ਹੇਠਲੀ ਅਦਾਲਤ 'ਚ ਪਟੀਸ਼ਨ ਦਾਇਰ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਮਹਿਕਮੇ 'ਚ ਘੁਟਾਲੇ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਸੰਗਤ ਸਿੰਘ ਗਿਲਜੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਧਰਮਸੋਤ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਮ ਸਾਹਮਣੇ ਆਉਣ ਤੋਂ ਬਾਅਦ ਹੀ ਉਹ ਅੰਡਰਗ੍ਰਾਊਂਡ ਹਨ ਤੇ ਪੁਲਿਸ ਵੱਲੋਂ ਭਾਲ ਜਾਰੀ ਹੈ।
ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ 27 ਜੂਨ ਤੋਂ 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ 'ਚ ਹਨ। ਦੱਸ ਦੇਈਏ ਕਿ ਧਰਮਸੋਤ ਜੰਗਲਾਤ ਮੰਤਰੀ ਰਹਿ ਚੁੱਕੇ ਹਨ।ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਲਿਆ ਹੈ। ਧਰਮਸੋਤ ਦੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਵੀ ਕਰੋੜਾਂ ਦੇ ਘੁਟਾਲੇ ਦੇ ਆਰੋਪ ਲੱਗੇ ਹਨ।
ਚੰਨੀ ਸਰਕਾਰ 'ਚ ਮੰਤਰੀ ਰਹਿ ਚੁੱਕੇ ਸੰਗਤ ਸਿੰਘ ਗਿਲਜੀਆਂ ਦੀ ਵੀ ਵਿਜੀਲੈਂਸ ਭਾਲ ਕਰ ਰਹੀ ਹੈ। ਉਨ੍ਹਾਂ 'ਤੇ ਵੀ ਕਰੀਬ ਸਵਾ 6 ਕਰੋੜ ਦੇ ਘਪਲੇ ਦੇ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਓ. ਐੱਸ. ਡੀ. ਰਿਮਾਂਡ 'ਤੇ ਹੈ। ਸਾਧੂ ਸਿੰਘ ਧਰਮਸੋਤ ਨਾਲ ਕੈਦੀਆਂ ਵਾਲੀ ਵੈਨ ਵਿੱਚ ਉਨ੍ਹਾਂ ਦੇ ਓਐਸਡੀ ਚਮਕੌਰ ਸਿੰਘ ਵੀ ਨਾਲ ਸਨ। ਪਿਛਲੀ ਸੁਣਵਾਈ ਦੌਰਾਨ ਵੀ ਅਦਾਲਤ ਨੇ ਧਰਮਸੋਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ।