ਲੁਧਿਆਣਾ: ਲੁਧਿਆਣਾ ਦੇ ਬਾਈਕ ਮਕੈਨਿਕ ਦੀ ਬੇਟੀ ਅਰਸ਼ਦੀਪ ਕੌਰ ਨੇ ਇਤਿਹਾਸ ਰਚ ਦਿੱਤਾ ਹੈ। ਬੇਟੀ ਨੇ 12ਵੀਂ ਕਲਾਸ ਆਰਟਸ ਫੈਕਲਟੀ 'ਚ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੂੰ ਪੰਜਾਬ 'ਚ ਟਾਪ ਕਰਨ 'ਤੇ ਸਕੂਲ ਮੈਨੇਜਮੈਂਟ ਤੇ ਇਲਾਕੇ ਦੇ ਲੋਕਾਂ ਨੇ ਵਧਾਈ ਦਿੱਤੀ ਹੈ।


ਸ਼ਾਮ 5 ਵਜੇ ਤੱਕ ਉਹ ਪਰਿਵਾਰ ਨਾਲ ਅੰਮ੍ਰਿਤਸਰ 'ਚ ਸੀ ਪਰ ਉਨ੍ਹਾਂ ਨੂੰ ਫੋਨ 'ਤੇ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ। ਦੇਰ ਰਾਤ ਤੱਕ ਅਰਸ਼ਦੀਪ ਆਪਣੇ ਪਰਿਵਾਰ ਨਾਲ ਲੁਧਿਆਣਾ ਪਹੁੰਚੀ। ਇਸ ਦੌਰਾਨ ਅਰਸ਼ਦੀਪ ਕੌਰ ਨੇ ਮੋਬਾਈਲ 'ਤੇ ਦੱਸਿਆ ਕਿ ਉਸ ਨੇ 12ਵੀਂ ਦੀ ਬੋਰਡ ਪ੍ਰੀਖਿਆ 'ਚ ਚੰਗੇ ਨੰਬਰ ਲੈਣ ਦਾ ਟੀਚਾ ਪਹਿਲਾਂ ਹੀ ਮਿੱਥ ਲਿਆ ਸੀ।

ਚੰਗੀ ਮਿਹਨਤ ਤੇ ਲਗਨ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ, ਜਿਸ ਵਿਚ ਉਹ ਸਫਲ ਹੋਈ ਹੈ। ਅਰਸ਼ਦੀਪ ਨੇ ਦੱਸਿਆ ਕਿ ਉਹ ਰੋਜ਼ਾਨਾ ਸੱਤ ਤੋਂ ਅੱਠ ਘੰਟੇ ਪੜ੍ਹਾਈ ਕਰਦੀ ਸੀ। ਅਰਸ਼ਦੀਪ ਕੌਰ ਅਨੁਸਾਰ ਉਹ ਪੰਜਾਬ 'ਚੋਂ ਟਾਪ ਕਰਕੇ ਬਹੁਤ ਖੁਸ਼ ਹੈ। ਇਸ ਦੇ ਨਾਲ ਹੀ ਮਾਪੇ ਤੇ ਸਕੂਲ ਦੀ ਪ੍ਰਿੰਸੀਪਲ ਹਰਜੀਤ ਕੌਰ ਵੀ ਖੁਸ਼ ਹਨ। ਅਰਸ਼ਦੀਪ ਕੌਰ ਨੇ ਦੱਸਿਆ ਕਿ ਉਸ ਦੀ ਸਫ਼ਲਤਾ ਵਿੱਚ ਮਾਪਿਆਂ ਤੋਂ ਬਾਅਦ ਸਕੂਲ ਅਧਿਆਪਕ ਦਾ ਵੱਡਾ ਯੋਗਦਾਨ ਹੈ। ਆਪਣੇ ਟਿਪਸ ਤੇ ਪੜ੍ਹਾਈ ਸਦਕਾ ਉਹ ਪੰਜਾਬ ਵਿੱਚ ਟਾਪ ਕਰ ਸਕੀ ਹੈ।

ਅਰਸ਼ਦੀਪ ਕੌਰ ਦੀ ਮਾਂ ਘਰੇਲੂ ਔਰਤ ਹੈ ਤੇ ਪਿਤਾ ਸਕੂਟਰ ਮਕੈਨਿਕ ਹਨ। ਅਰਸ਼ਦੀਪ ਤੋਂ ਇਲਾਵਾ ਉਸਦਾ ਇੱਕ ਭਰਾ ਤੇ ਇੱਕ ਭੈਣ ਹੈ। ਉਸ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਪੜ੍ਹਾਉਣ ਲਈ ਉਸ ਦੇ ਪਿਤਾ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ। ਉਸ ਦੀ ਬਦੌਲਤ ਹੀ ਉਹ ਅੱਗੇ ਵਧ ਸਕੀ। ਅਰਸ਼ਦੀਪ ਕੌਰ ਦਾ ਕਹਿਣਾ ਹੈ ਕਿ ਉਹ ਆਈਏਐਸ ਬਣ ਕੇ ਸਮਾਜ ਲਈ ਕੰਮ ਕਰਨਾ ਚਾਹੁੰਦੀ ਹੈ।