Udaipur Tailor Murder : ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਮੰਗਲਵਾਰ ਨੂੰ ਦੋ ਵਿਅਕਤੀਆਂ ਨੇ ਦਿਨ ਦਿਹਾੜੇ ਕਨ੍ਹਈਆ ਲਾਲ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਹ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਕਨ੍ਹਈਆ ਲਾਲ ਦੇ 8 ਸਾਲ ਦੇ ਬੇਟੇ ਨੇ ਪੈਗੰਬਰ 'ਤੇ ਵਿਵਾਦਿਤ ਟਿੱਪਣੀ ਕਰਨ ਵਾਲੀ ਨੂਪੁਰ ਸ਼ਰਮਾ ਦੇ ਸਮਰਥਨ 'ਚ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਇਸ ਦੇ ਨਾਲ ਹੀ ਹੁਣ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਦੈਪੁਰ ਦੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰਾਜਸਥਾਨ ਸਰਕਾਰ ਸ਼ੱਕ ਦੇ ਘੇਰੇ 'ਚ ਆ ਗਈ ਹੈ। ਇਸ ਲਈ ਸਰਕਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. SIT ਵਿੱਚ 4 ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਕੀਤੇ ਗਏ ਹਨ। ਐਸਓਜੀ ਦੇ ਏਡੀਜੀ ਅਸ਼ੋਕ ਰਾਠੌੜ, ਏਟੀਐਸ ਆਈਜੀ ਪ੍ਰਫੁੱਲ ਕੁਮਾਰ ਅਤੇ ਇੱਕ ਐਸਪੀ ਅਤੇ ਇੱਕ ਐਡੀਸ਼ਨਲ ਐਸਪੀ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।
ਪਾਕਿਸਤਾਨ ਸਬੰਧਾਂ ਦੀ ਜਾਂਚ ਕਰੇਗੀ NIA
ਇਸ ਦੇ ਨਾਲ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਲਈ ਐਨਆਈਏ ਦੀ ਟੀਮ ਵੀ ਰਾਜਸਥਾਨ ਭੇਜੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ NIA ਦੀ 4 ਮੈਂਬਰੀ ਟੀਮ ਜਾਂਚ ਕਰੇਗੀ ਕਿ ਕੀ ਉਨ੍ਹਾਂ ਦਾ ਕਿਸੇ ਇਸਲਾਮਿਕ ਸੰਗਠਨ ਨਾਲ ਕੋਈ ਸਬੰਧ ਹੈ ? ਖਾਸ ਕਰਕੇ ਪਾਕਿਸਤਾਨ ਨਾਲ ਸਬੰਧ ਹੈ ਜਾਂ ਨਹੀਂ ? ਇਸ ਦੇ ਨਾਲ ਹੀ ਅੱਜ ਭਾਜਪਾ ਨੇ ਰਾਜਸਥਾਨ ਬੰਦ ਦਾ ਸੱਦਾ ਦਿੱਤਾ ਹੈ।
ਪੂਰੇ ਰਾਜਸਥਾਨ 'ਚ ਧਾਰਾ-144 ਲਾਗੂ
ਦੱਸ ਦੇਈਏ ਕਿ ਘਟਨਾ ਤੋਂ ਬਾਅਦ ਪੂਰੇ ਉਦੈਪੁਰ ਸ਼ਹਿਰ 'ਚ ਤਣਾਅ ਦਾ ਮਾਹੌਲ ਬਣ ਗਿਆ ਸੀ। ਸੈਂਕੜੇ ਲੋਕ ਆਪਣਾ ਰੋਸ ਪ੍ਰਗਟਾਉਣ ਲਈ ਸੜਕਾਂ 'ਤੇ ਉਤਰ ਆਏ, ਜਿਸ ਤੋਂ ਬਾਅਦ ਉਦੈਪੁਰ 'ਚ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਅਤੇ ਪੂਰੇ ਸ਼ਹਿਰ 'ਚ ਧਾਰਾ-144 ਲਾਗੂ ਕਰ ਦਿੱਤੀ ਗਈ। ਇਸ ਦੇ ਨਾਲ ਹੀ ਇੰਟਰਨੈੱਟ ਸੇਵਾਵਾਂ ਵੀ 24 ਘੰਟੇ ਲਈ ਬੰਦ ਰਹੀਆਂ। ਇਸ ਤੋਂ ਇਲਾਵਾ ਉਦੈਪੁਰ 'ਚ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਰਾਜਸਥਾਨ ਪੁਲਿਸ ਸੇਵਾ ਦੀਆਂ 30 ਕੰਪਨੀਆਂ ਉਦੈਪੁਰ ਵਿੱਚ ਤਾਇਨਾਤ
ਦੱਸਿਆ ਜਾ ਰਿਹਾ ਹੈ ਕਿ ਏਜੀਡੀ, ਆਈਜੀ, ਐਸਪੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਰਾਜਸਥਾਨ ਪੁਲਿਸ ਸੇਵਾ ਦੀਆਂ 30 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਰਾਜਸਥਾਨ ਆਰਮਜ਼ ਪੁਲਿਸ ਦੀਆਂ 5 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਦੈਪੁਰ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਧਨਮੰਡੀ, ਘੰਟਾਘਰ, ਹਾਥੀਪੋਲ, ਅੰਬਾਮਾਤਾ, ਸੂਰਜਪੋਲ, ਭੂਪਾਲਪੁਰਾ ਅਤੇ ਸਵੀਨਾ ਖੇਤਰਾਂ ਵਿੱਚ ਕਰਫਿਊ ਲਗਾਇਆ ਗਿਆ ਹੈ। ਦੱਸ ਦੇਈਏ ਕਿ ਇਸ ਮਾਮਲੇ 'ਤੇ ਰਾਜਸਥਾਨ ਦੇ ਲੋਕਾਂ 'ਚ ਗੁੱਸਾ ਦੇਖਣ ਤੋਂ ਬਾਅਦ ਪੂਰੇ ਸੂਬੇ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇੰਟਰਨੈੱਟ ਸੇਵਾ ਵੀ 24 ਘੰਟੇ ਲਈ ਬੰਦ ਕਰ ਦਿੱਤੀ ਗਈ ਹੈ।