SBI Data Leak : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਕੁਝ ਗਾਹਕਾਂ ਦੀ ਨਿੱਜੀ ਜਾਣਕਾਰੀ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਚਿੰਤਾ ਵਧ ਗਈ ਹੈ। ਰਿਪੋਰਟਾਂ ਮੁਤਾਬਕ ਗਾਹਕਾਂ ਦੇ ਨਾਂ ਮੋਬਾਈਲ ਨੰਬਰ, ਈਮੇਲ ਆਈਡੀ, ਘਰ ਦੇ ਪਤੇ ਅਤੇ ਲੋਨ ਨਾਲ ਜੁੜੀ ਜਾਣਕਾਰੀ ਡਾਰਕ ਵੈੱਬ (Dark Web) 'ਤੇ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਸ਼ੁਰੂਆਤ ਵਿੱਚ ਕਰੀਬ 3.75 ਲੱਖ ਗਾਹਕਾਂ ਦਾ ਡਾਟਾ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਸਾਹਮਣੇ ਆਈ ਜਾਣਕਾਰੀ ਮੁਤਾਬਕ ਬੈਂਕ ਦੀ ਮੁੱਢਲੀ ਜਾਂਚ ਵਿੱਚ 3,897 ਗਾਹਕਾਂ ਦਾ ਡਾਟਾ ਪ੍ਰਭਾਵਿਤ ਹੋਣ ਦੀ ਗੱਲ ਕਹੀ ਗਈ। ਇਨ੍ਹਾਂ ਅੰਕੜਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਕੀ ਤੁਹਾਡੇ ਨਾਂ 'ਤੇ ਕੋਈ ਕ੍ਰੈਡਿਟ ਕਾਰਡ ਬਣਵਾ ਸਕਦਾ ਹੈ?
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਕਿਸੇ ਠੱਗ ਕੋਲ ਤੁਹਾਡਾ ਨਾਂ, ਮੋਬਾਈਲ ਨੰਬਰ ਅਤੇ ਘਰ ਦਾ ਪਤਾ ਪਹੁੰਚ ਜਾਂਦਾ ਹੈ ਤਾਂ ਕੀ ਉਹ ਤੁਹਾਡੇ ਨਾਂ 'ਤੇ ਕ੍ਰੈਡਿਟ ਕਾਰਡ (Credit Card) ਬਣਵਾ ਸਕਦਾ ਹੈ? ਆਮ ਤੌਰ 'ਤੇ ਸਿਰਫ਼ ਇੰਨੀ ਜਾਣਕਾਰੀ ਨਾਲ ਕ੍ਰੈਡਿਟ ਕਾਰਡ ਬਣਵਾਉਣਾ ਆਸਾਨ ਨਹੀਂ ਹੁੰਦਾ। ਬੈਂਕ ਕਾਰਡ ਜਾਰੀ ਕਰਨ ਤੋਂ ਪਹਿਲਾਂ ਗਾਹਕ ਦੀ ਪਛਾਣ, ਕੇਵਾਈਸੀ (KYC) ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕਰਦੇ ਹਨ ਪਰ ਜੇਕਰ ਠੱਗਾਂ ਕੋਲ ਹੋਰ ਸੰਵੇਦਨਸ਼ੀਲ ਜਾਣਕਾਰੀ ਵੀ ਪਹੁੰਚ ਜਾਵੇ ਤਾਂ ਧੋਖਾਧੜੀ ਦਾ ਖ਼ਤਰਾ ਵਧ ਸਕਦਾ ਹੈ।
ਬੈਂਕ ਅਧਿਕਾਰੀ ਬਣ ਕੇ ਲਗਾ ਸਕਦੇ ਹਨ ਚੂਨਾ
ਡਾਟਾ ਲੀਕ ਹੋਣ ਦਾ ਇੱਕ ਵੱਡਾ ਖ਼ਤਰਾ ਇਹ ਵੀ ਹੈ ਕਿ ਠੱਗ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਕੇ ਤੁਹਾਨੂੰ ਫੋਨ ਕਰ ਸਕਦੇ ਹਨ। ਉਹ ਆਪਣੇ ਆਪ ਨੂੰ SBI ਦਾ ਅਧਿਕਾਰੀ ਦੱਸ ਕੇ ਤੁਹਾਡਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਤੋਂ ਬਾਅਦ ਖਾਤਾ ਅਪਡੇਟ ਕਰਨ ਜਾਂ ਕੇਵਾਈਸੀ ਦੇ ਬਹਾਨੇ OTP, ATM PIN, CVV ਜਾਂ ਨੈੱਟ ਬੈਂਕਿੰਗ ਦਾ ਪਾਸਵਰਡ ਮੰਗ ਸਕਦੇ ਹਨ। ਅਜਿਹੀ ਜਾਣਕਾਰੀ ਸਾਂਝੀ ਕਰਨ ਨਾਲ ਤੁਹਾਡੇ ਖਾਤੇ ਵਿੱਚੋਂ ਪੈਸੇ ਚੋਰੀ ਹੋ ਸਕਦੇ ਹਨ।
SBI ਗਾਹਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
- ਕਿਸੇ ਨਾਲ ਵੀ OTP, ATM PIN, CVV ਜਾਂ ਪਾਸਵਰਡ ਸਾਂਝਾ ਨਾ ਕਰੋ।- ਅਣਜਾਣ ਨੰਬਰ ਤੋਂ ਆਏ ਲਿੰਕ 'ਤੇ ਕਲਿੱਕ ਨਾ ਕਰੋ।- ਬੈਂਕ ਖਾਤੇ ਅਤੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨਾਂ ਚੈੱਕ ਕਰਦੇ ਰਹੋ।- ਆਪਣੇ ਨਾਂ 'ਤੇ ਚੱਲ ਰਹੇ ਲੋਨ ਅਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਲਈ ਸਮੇਂ-ਸਮੇਂ 'ਤੇ ਕ੍ਰੈਡਿਟ ਰਿਪੋਰਟ ਚੈੱਕ ਕਰੋ।
ਧੋਖਾਧੜੀ ਹੋਣ 'ਤੇ ਤੁਰੰਤ ਕਰੋ ਇਹ ਕੰਮ
ਜੇਕਰ ਤੁਹਾਡੇ ਬੈਂਕ ਖਾਤੇ ਨਾਲ ਕੋਈ ਧੋਖਾਧੜੀ ਹੁੰਦੀ ਹੈ ਤਾਂ ਤੁਰੰਤ ਬੈਂਕ ਨਾਲ ਸੰਪਰਕ ਕਰੋ ਅਤੇ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 'ਤੇ ਸ਼ਿਕਾਇਤ ਦਰਜ ਕਰਵਾਓ। ਇਸ ਤੋਂ ਇਲਾਵਾ cybercrime.gov.in 'ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੀ ਕ੍ਰੈਡਿਟ ਰਿਪੋਰਟ ਵਿੱਚ ਕੋਈ ਅਣਜਾਣ ਲੋਨ ਜਾਂ ਕ੍ਰੈਡਿਟ ਕਾਰਡ ਦਿਖਾਈ ਦਿੰਦਾ ਹੈ ਤਾਂ ਤੁਰੰਤ ਸਬੰਧਤ ਬੈਂਕ ਅਤੇ ਕ੍ਰੈਡਿਟ ਬਿਊਰੋ ਕੋਲ ਸ਼ਿਕਾਇਤ ਕਰੋ।