SBI reduces interest rates: ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਤੋਂ ਕਰਜ਼ ਲੈਣ ਵਾਲਿਆਂ ਲਈ ਰਾਹਤ ਦੀ ਖਬਰ ਹੈ। ਐਸਬੀਆਈ ਨੇ ਆਪਣੀਆਂ ਵਿਆਜ ਦਰਾਂ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਸਟੇਟ ਬੈਂਕ ਨੇ ਇਹ ਕਦਮ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਿੱਚ ਕਟੌਤੀ ਤੋਂ ਬਾਅਦ ਚੁੱਕਿਆ ਹੈ। ਵਿਆਜ ਦਰਾਂ ਵਿੱਚ ਕਟੌਤੀ ਨਾਲ ਕਰਜ਼ੇ ਸਸਤੇ ਹੋ ਜਾਣਗੇ, ਜਿਸ ਨਾਲ ਮੌਜੂਦਾ ਕਰਜ਼ਦਾਰਾਂ ਤੇ ਭਵਿੱਖ ਵਿੱਚ ਕਰਜ਼ਾ ਲੈਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ। 

ਹਾਸਲ ਜਾਣਕਾਰੀ ਮੁਤਾਬਕ ਵਿਆਜ ਦਰ ਵਿੱਚ ਕਟੌਤੀ ਤੋਂ ਬਾਅਦ SBI ਦੀ ਨਵੀਂ ਰੈਪੋ ਲਿੰਕਡ ਲੈਂਡਿੰਗ ਰੇਟ (RLLR) ਵਿਆਜ ਦਰ ਹੁਣ 7.75 ਪ੍ਰਤੀਸ਼ਤ ਹੋਵੇਗੀ। ਇਸ ਦੇ ਨਾਲ ਹੀ SBI ਨੇ ਐਕਸਟਰਨਲ ਬੈਂਚਮਾਰਕ ਬੇਸਡ ਲੈਂਡਿੰਗ ਰੇਟ ਵਿੱਚ ਵੀ 50 ਬੇਸਿਸ ਪੁਆਇੰਟ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਨਵੀਆਂ ਦਰਾਂ 8.65 ਪ੍ਰਤੀਸ਼ਤ ਤੋਂ ਘੱਟ ਕੇ 8.15 ਪ੍ਰਤੀਸ਼ਤ ਹੋ ਜਾਣਗੀਆਂ। SBI ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਨਵੀਆਂ ਦਰਾਂ 15 ਜੂਨ 2025 ਤੋਂ ਲਾਗੂ ਹੋ ਗਈਆਂ ਹਨ। 

ਦੱਸ ਦਈਏ ਕਿ 6 ਜੂਨ ਨੂੰ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ। ਇਸ ਤੋਂ ਬਾਅਦ ਰੈਪੋ ਰੇਟ ਵਿੱਤੀ ਸਾਲ 2025 ਵਿੱਚ 6.5 ਪ੍ਰਤੀਸ਼ਤ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਵਾਲੀ ਰਿਜ਼ਰਵ ਬੈਂਕ ਦੀ ਛੇ ਮੈਂਬਰੀ ਨੀਤੀ ਕਮੇਟੀ ਨੇ ਰੈਪੋ ਰੇਟ ਵਿੱਚ ਕਟੌਤੀ ਦੇ ਹੱਕ ਵਿੱਚ ਵੋਟ ਦਿੱਤੀ ਸੀ। ਰਿਜ਼ਰਵ ਬੈਂਕ ਨੇ ਨਕਦ ਰਿਜ਼ਰਵ ਅਨੁਪਾਤ ਨੂੰ 100 ਬੇਸਿਸ ਪੁਆਇੰਟ ਘਟਾਉਣ ਦਾ ਵੀ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਦੇ ਫੈਸਲੇ ਤੋਂ ਬਾਅਦ ਜ਼ਿਆਦਾਤਰ ਬੈਂਕਾਂ ਨੇ ਆਪਣੇ ਕਰਜ਼ਿਆਂ 'ਤੇ ਵਿਆਜ ਦਰ ਘਟਾ ਦਿੱਤੀ ਹੈ ਤੇ ਜਿਨ੍ਹਾਂ ਨੇ ਇਸ ਨੂੰ ਨਹੀਂ ਘਟਾਇਆ,  ਉਹ ਵੀ ਜਲਦੀ ਹੀ ਅਜਿਹਾ ਕਰ ਸਕਦੇ ਹਨ। 

ਇਸ ਤੋਂ ਇਲਾਵਾ SBI ਨੇ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਵੀ ਫੈਸਲਾ ਕੀਤਾ। ਨਵੀਂ ਜਮ੍ਹਾਂ ਰਾਸ਼ੀ ਦਰ ਵੀ 15 ਜੂਨ ਤੋਂ ਲਾਗੂ ਹੋ ਗਈ ਹੈ। 1-2 ਸਾਲ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ ਵਿੱਚ ਵੀ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਗਈ ਹੈ ਤੇ ਹੁਣ ਇਹ 6.50 ਪ੍ਰਤੀਸ਼ਤ ਹੈ। ਬੈਂਕ ਨੇ ਅੰਮ੍ਰਿਤ ਵ੍ਰਿਸ਼ਟੀ ਯੋਜਨਾ ਵਿੱਚ ਵੀ ਵਿਆਜ ਦਰ ਘਟਾ ਦਿੱਤੀ ਹੈ। ਸੀਨੀਅਰ ਨਾਗਰਿਕਾਂ ਨੂੰ ਕਾਰਡ ਦਰਾਂ 'ਤੇ ਵਾਧੂ 50 ਬੀਪੀਐਸ ਪੁਆਇੰਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।