ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੀ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ ਦੇ ਨਤੀਜੇ ਸ਼ੁਕਰਵਾਰ ਨੂੰ ਐਲਾਨੇ ਗਏ। ਇਸ ਬੈਠਕ ਦੇ ਨਤੀਜਿਆਂ ਅਨੁਸਾਰ RBI ਨੇ ਰੈਪੋ ਰੇਟ ਵਿਚ ਕੋਈ ਤਬਦੀਲੀ ਨਹੀਂ ਕੀਤੀ। ਵਿਆਜ਼ ਦਰਾਂ ਵਿੱਚ ਤਾਂ ਕੋਈ ਬਦਲਾਅ ਨਹੀਂ ਆਇਆ ਪਰ ਰਿਜ਼ਰਵ ਬੈਂਕ ਨੇ ਇਹ ਸੰਕੇਤ ਦਿੱਤਾ ਹੈ ਕਿ ਆਰਥਿਕਤਾ 'ਚ ਅਨੁਮਾਨ ਤੋਂ ਜ਼ਿਆਦਾ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਸ ਕਾਰਨ ਸ਼ੇਅਰ ਬਜ਼ਾਰ ਵਿੱਚ ਚੰਗੀ ਤੇਜ਼ੀ ਵੇਖੀ ਗਈ ਤੇ ਸੈਂਸੇਕਸ ਨੇ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ 45 ਹਜ਼ਾਰ ਦਾ ਅੰਕੜਾ ਪਾਰ ਕੀਤਾ।



ਕਾਰੋਬਾਰ ਦੌਰਾਨ ਸੈਂਸੈਕਸ 45,023.79 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਿਫਟੀ ਵੀ 13,250 ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਸਟਾਕ ਮਾਰਕੀਟ ਸ਼ੁੱਕਰਵਾਰ ਨੂੰ ਫਲੈਟ ਸ਼ੁਰੂ ਹੋਇਆ। ਬੰਬੇ ਸਟਾਕ ਐਕਸਚੇਂਜ ਸੈਂਸੈਕਸ 33 ਅੰਕ ਦੀ ਤੇਜ਼ੀ ਨਾਲ 44,665.91 ਦੇ ਪੱਧਰ 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 13 ਅੰਕ ਦੀ ਤੇਜ਼ੀ ਨਾਲ 13,177 ਦੇ ਪੱਧਰ 'ਤੇ ਖੁੱਲ੍ਹਿਆ।




ਸਵੇਰੇ 10 ਵਜੇ ਰਿਜ਼ਰਵ ਬੈਂਕ ਦੇ ਗਵਰਨਰ ਨੇ ਮੁਦਰਾ ਨੀਤੀ ਕਮੇਟੀ ਦੀ ਸਮੀਖਿਆ ਬੈਠਕ ਦੇ ਨਤੀਜਿਆਂ ਦਾ ਐਲਾਨ ਕੀਤਾ। ਰਿਜ਼ਰਵ ਬੈਂਕ ਨੇ ਨੀਤੀਗਤ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ, ਪਰ ਅਰਥ ਵਿਵਸਥਾ ਵਿਚ ਸੁਧਾਰ ਦਾ ਸੰਕੇਤ ਦਿੱਤਾ।ਰਿਜ਼ਰਵ ਬੈਂਕ ਨੇ ਇਸ ਵਿੱਤੀ ਸਾਲ ਵਿੱਚ ਮਾਈਨਸ 7.5 ਜੀਡੀਪੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। ਇਸਦਾ ਮਤਲਬ ਹੈ ਕਿ ਜੀਡੀਪੀ ਵਿਚ ਭਾਰੀ ਗਿਰਾਵਟ ਆਵੇਗੀ, ਪਰ ਇਹ ਗਿਰਾਵਟ ਰਿਜ਼ਰਵ ਬੈਂਕ ਦੇ ਪਹਿਲੇ ਅੰਦਾਜ਼ੇ ਨਾਲੋਂ ਘੱਟ ਹੈ।




RBI ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਥਿਕਤਾ ਉਮੀਦ ਨਾਲੋਂ ਤੇਜ਼ੀ ਨਾਲ ਸੁਧਾਰ ਕਰ ਰਹੀ ਹੈ ਅਤੇ ਇਹ ਸੁਧਾਰ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਹੋ ਰਿਹਾ ਹੈ।