ਨਵੀਂ ਦਿੱਲੀ: ਬੈਂਕਿੰਗ ਤੇ ਰੀਅਲ ਅਸਟੇਟ ਕੰਪਨੀਆਂ ਦੇ ਸ਼ੇਅਰਾਂ ‘ਚ ਮਜ਼ਬੂਤੀ ਤੋਂ ਬਾਅਦ ਅੱਜ ਦੁਪਹਿਰ ਕਾਰੋਬਾਰ ਦੌਰਾਨ ਸਨਸੈਕਸ ਇੱਕ ਸਮੇਂ 350 ਅੰਕਾਂ ਤੋਂ ਜ਼ਿਆਦਾ ਦੇ ਉਛਾਲ ਨਾਲ 40,606.91 ਅੰਕਾਂ ਦੀ ਨਵੀਂ ਉਚਾਈ ‘ਤੇ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਚਾਰ ਅਕਤੂਬਰ ਨੂੰ ਸਨਸੈਕਸ 40,483.21 ਦੇ ਸਭ ਤੋਂ ਉਪਰਲੇ ਪੱਧਰ ‘ਤੇ ਸੀ। ਇਸ ਦੇ ਨਾਲ ਹੀ ਨਿਫਟੀ ਵੀ 12,000 ਅੰਕਾਂ ਦੇ ਨੇੜੇ ਪਹੁੰਚ ਗਿਆ। ਇਹ ਪੱਧਰ ਪੰਜ ਮਹੀਨੇ ਬਾਅਦ ਵੇਖਿਆ ਗਿਆ ਹੈ।


ਬੀਐਸਈ ਦਾ 30 ਸ਼ੇਅਰਾਂ ਵਾਲਾ ਇੰਡੈਕਸ ਸਨਸੈਕਸ ਅੱਜ 221.55 ਅੰਕਾਂ ਯਾਨੀ 0.55 ਫੀਸਦ ਦੀ ਤੇਜ਼ੀ ਨਾਲ 40,469.78 ‘ਤੇ ਜਾ ਕੇ ਬੰਦ ਹੋਇਆ। ਉਧਰ ਐਨਐਸਆਈ ਦਾ 50 ਸ਼ੇਅਰਾਂ ਵਾਲਾ ਇੰਡੈਕਸ 43.80 ਅੰਕ ਯਾਨੀ 0.37 ਫੀਸਦ ਦੇ ਵਾਧੇ ਨਾਲ 11,961 ‘ਤੇ ਜਾ ਕੇ ਬੰਦ ਹੋਣ ‘ਚ ਕਾਮਯਾਬ ਹੋਇਆ।

ਅੱਜ ਦੇ ਕਾਰੋਬਾਰ ਦੌਰਾਨ ਮੀਡੀਆ, ਪੀਐਸਯੂ ਬੈਂਕ ਤੇ ਆਟੋ ਸ਼ੇਅਰ ‘ਚ ਗਿਰਾਵਟ ਨੂੰ ਛੱਡ ਬਾਕੀ ਸਭ ‘ਚ ਨਿਫਟੀ ਦੇ ਇੰਡੈਕਸ ‘ਚ ਤੇਜ਼ੀ ਨਾਲ ਕਾਰੋਬਾਰ ਬੰਦ ਹੋਇਆ। ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਰਿਐਲਟੀ ਸੈਕਟਰ ਦਾ ਕਾਰੋਬਾਰ ਬੰਦ ਹੋਇਆ ਤੇ ਪ੍ਰਾਈਵੇਟ ਬੈਂਕਾਂ ਵਿੱਚ 1.55% ਦੀ ਉਛਾਲ ਨਾਲ ਕਾਰੋਬਾਰ ਬੰਦ ਹੋਇਆ।