Share Market: ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਚ ਵੀ ਵੇਖਣ ਨੂੰ ਮਿਲਿਆ। ਸੋਮਵਾਰ ਨੂੰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ, ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਸ਼ੇਅਰ ਬਾਜ਼ਾਰ ਵਿੱਚ ਪਿਛਲੇ ਹਫਤੇ ਦੀ ਸੁਸਤੀ ਜਾਰੀ ਰਹੀ। ਲਾਲ ਨਿਸ਼ਾਨ ਨਾਲ ਖੁੱਲ੍ਹਣ ਤੋਂ ਬਾਅਦ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1491 ਅੰਕ ਯਾਨੀ 2.74 ਫੀਸਦੀ ਦੀ ਗਿਰਾਵਟ ਨਾਲ 52,843 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ 382 ਅੰਕ ਯਾਨੀ 2.35 ਫੀਸਦੀ ਫਿਸਲ ਕੇ 15,863 'ਤੇ ਬੰਦ ਹੋਇਆ।



ਇਸ ਤੋਂ ਪਹਿਲਾਂ, ਬੀਐਸਈ ਸੈਂਸੈਕਸ ਨੇ 1100 ਤੋਂ ਵੱਧ ਅੰਕ ਤੋੜ ਕੇ ਕਾਰੋਬਾਰ ਸ਼ੁਰੂ ਕੀਤਾ ਸੀ। ਖੁੱਲ੍ਹਣ ਦੇ ਨਾਲ ਹੀ ਇਸ ਦੀ ਗਿਰਾਵਟ ਵਧ ਗਈ ਅਤੇ ਇਕ ਘੰਟੇ ਦੇ ਅੰਦਰ ਹੀ ਇਹ 1404 ਅੰਕਾਂ ਤੱਕ ਟੁੱਟ ਗਿਆ। ਮਾਮਲਾ ਇੱਥੇ ਹੀ ਨਹੀਂ ਰੁਕਿਆ ਅਤੇ ਸੈਂਸੈਕਸ ਦਿਨ ਵਿੱਚ 1800 ਤੋਂ ਵੱਧ ਅੰਕ ਟੁੱਟ ਗਿਆ। ਜਦੋਂ ਕਿ NSE ਨਿਫਟੀ ਸੂਚਕਾਂਕ 380 ਅੰਕ ਫਿਸਲ ਕੇ 15,866 ਦੇ ਪੱਧਰ 'ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਿਨ ਦੇ ਕਾਰੋਬਾਰ ਦੌਰਾਨ ਇਹ 450 ਅੰਕਾਂ ਤੋਂ ਵੱਧ ਟੁੱਟ ਗਿਆ। ਬੈਂਕਿੰਗ ਸਟਾਕਾਂ 'ਚ ਸੋਮਵਾਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲੀ।


ਇਕ ਰਿਪੋਰਟ ਮੁਤਾਬਕ ਫਰਵਰੀ ਦਾ ਮਹੀਨਾ ਸ਼ੇਅਰ ਬਾਜ਼ਾਰ ਲਈ ਬਹੁਤ ਮਾੜਾ ਸਾਬਤ ਹੋਇਆ ਅਤੇ ਮਾਰਚ 'ਚ ਵੀ ਇਹੀ ਰੁਝਾਨ ਜਾਰੀ ਰਿਹਾ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਫਰਵਰੀ ਤੋਂ ਲੈ ਕੇ ਹੁਣ ਤੱਕ ਭਾਰਤੀ ਨਿਵੇਸ਼ਕਾਂ ਨੂੰ 29 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 


ਇਸੇ ਦੌਰਾਨ ਇੱਕ ਹੋਰ ਤਾਜ਼ਾ ਰਿਪੋਰਟ ਅਨੁਸਾਰ 15 ਫਰਵਰੀ ਤੋਂ ਨਿਵੇਸ਼ਕਾਂ ਨੂੰ ਹੋਏ ਨੁਕਸਾਨ ਨੂੰ ਦੇਖਦੇ ਹੋਏ, ਰੂਸ ਵੱਲੋਂ ਹਮਲਾ ਕਰਨ ਵਾਲੇ ਯੂਕਰੇਨ ਦੇ ਸਮੁੱਚੇ ਜੀਡੀਪੀ ਤੋਂ ਵੱਧ ਭਾਰਤੀ ਨਿਵੇਸ਼ਕਾਂ ਦੇ ਪੈਸੇ ਦਾ ਨੁਕਸਾਨ ਹੋਇਆ ਹੈ। ਰੂਸ-ਯੂਕਰੇਨ ਯੁੱਧ ਦੇ ਹੋਰ ਵੱਧਣ ਦਾ ਡਰ ਹੁਣ ਨਿਵੇਸ਼ਕਾਂ ਵਿਚ ਘਰ ਕਰ ਗਿਆ ਹੈ ਜੋ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ।