ਜਲੰਧਰ: ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਵਿੱਚ ਪੰਜਾਬ ਦੀ ਹਿੱਸੇਦਾਰੀ ਨੂੰ ਖ਼ਤਮ ਕਰਨ ਦਾ ਵਿਰੋਧ ਜਿੱਥੇ ਕਈ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਨੇ ਉਥੇ ਹੀ ਹੁਣ ਕਿਸਾਨ ਆਗੂਆਂ ਵੱਲੋਂ ਵੀ ਆਵਾਜ਼ ਚੁੱਕੀ ਜਾ ਰਹੀ ਹੈ।

ਜਲੰਧਰ ਦੀਆਂ 26 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ  ਇਸ ਦੇ ਵਿਰੋਧ ਡੀ ਸੀ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ । ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਬੀਬੀਐਮਬੀ ਬਣਿਆ ਸੀ ਉਸ ਵੇਲੇ ਇਸ ਵਿੱਚ ਪਾਣੀ ਤੇ ਬਿਜਲੀ ਲਈ ਸਿਰਫ਼ ਪੰਜਾਬ ਅਤੇ ਹਰਿਆਣਾ ਹੀ ਇਸੇ ਦਾ ਹਿੱਸਾ ਹੁੰਦਾ ਸੀ ਪਰ ਹੁਣ ਇਸ ਵਿੱਚ ਪੰਜਾਬ ਦੀ ਹਿੱਸੇਦਾਰੀ ਖਤਮ ਕਰ ਦਿੱਤੀ ਗਈ ਹੈ ਤੇ ਸਿਆਸੀ ਆਗੂ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਹਨ।

ਹਿੱਸੇਦਾਰੀ ਨੂੰ ਖਤਮ ਕਰਨ ਤੋਂ ਬਾਅਦ ਰਿਵਾਇਤੀ ਪਾਰਟੀਆਂ ਇਸ ਲਈ ਅੱਥਰੂ ਤਾਂ ਵਹਾ ਰਹੀਆਂ ਨੇ ਪਰ ਇਹ ਸਭ ਉਨ੍ਹਾਂ ਵੱਲੋਂ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਕਸ਼ਮੀਰ ਸਿੰਘ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਇਸ ਨੂੰ ਪਾਸ ਕੀਤਾ ਜਾਣਾ ਸੀ ਉਸ ਵੇਲੇ ਵਿਰੋਧੀ ਪਾਰਟੀਆਂ ਨੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ। ਹੁਣ ਜਦ ਇਸ ਵਿੱਚ ਪੰਜਾਬ ਦੀ ਹਿੱਸੇਦਾਰੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਤਾਂ ਇਹ ਸਾਰੀਆਂ ਪਾਰਟੀਆਂ ਮਗਰਮੱਛ ਦੇ ਅੱਥਰੂ ਵਹਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਨਾਲ ਹੋਣ ਵਾਲਾ ਇਹ ਵਿਤਕਰਾ ਕਿਸਾਨ ਜਥੇਬੰਦੀਆਂ ਕਦੀ ਵੀ ਬਰਦਾਸ਼ਤ ਨਹੀਂ ਕਰਨਗੀਆਂ । ਜਿਸ ਨੂੰ ਲੈ ਕੇ 26 ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਲੰਧਰ ਦੇ ਡੀਸੀ ਦਫ਼ਤਰ ਦੇ ਧਰਨਾ ਦਿੱਤਾ ਗਿਆ ।