13 government schemes available on one platform: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਕ੍ਰੈਡਿਟ-ਲਿੰਕਡ ਨਾਲ ਜੁੜੀਆਂ ਸਰਕਾਰੀ ਯੋਜਨਾਵਾਂ ਲਈ 'ਜਨ ਸਮਰਥ ਪੋਰਟਲ' ਲਾਂਚ ਕੀਤਾ। ਇਸ ਨਾਲ ਸਰਕਾਰੀ ਸਕੀਮ ਤਹਿਤ ਕਰਜ਼ਾ ਲੈਣਾ ਆਸਾਨ ਹੋ ਜਾਵੇਗਾ। ਇਸ ਪੋਰਟਲ ਤੋਂ 13 ਸਰਕਾਰੀ ਸਕੀਮਾਂ ਤਹਿਤ ਕਰਜ਼ਾ ਲੈਣ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਫਿਲਹਾਲ 4 ਕੈਗਟਰੀਆਂ ਦੇ ਕਰਜ਼ਿਆਂ ਲਈ ਅਪਲਾਈ ਕਰਨ ਦੀ ਸਹੂਲਤ ਹੋਵੇਗੀ। ਇਨ੍ਹਾਂ 'ਚ ਸਿੱਖਿਆ, ਖੇਤੀਬਾੜੀ ਬੁਨਿਆਦੀ ਢਾਂਚਾ, ਕਾਰੋਬਾਰ ਸ਼ੁਰੂ ਕਰਨ ਅਤੇ ਰਹਿਣ ਲਈ ਕਰਜ਼ੇ ਸ਼ਾਮਲ ਹਨ।


ਕਰਜ਼ਾ ਲੈਣ ਦੀ ਅਰਜ਼ੀ ਤੋਂ ਲੈ ਕੇ ਇਸ ਦੀ ਮਨਜ਼ੂਰੀ ਤੱਕ ਸਾਰਾ ਕੁਝ ਜਨ ਸਮਰਥ ਪੋਰਟਲ ਰਾਹੀਂ ਆਨਲਾਈਨ ਕੀਤਾ ਜਾਵੇਗਾ। ਬਿਨੈਕਾਰ ਪੋਰਟਲ 'ਤੇ ਆਪਣੇ ਕਰਜ਼ੇ ਦੀ ਸਥਿਤੀ ਦੀ ਵੀ ਜਾਂਚ ਕਰ ਸਕਣਗੇ। ਬਿਨੈਕਾਰ ਕਰਜ਼ਾ ਨਾ ਮਿਲਣ ਦੀ ਆਨਲਾਈਨ ਸ਼ਿਕਾਇਤ ਵੀ ਕਰ ਸਕਣਗੇ।


3 ਦਿਨਾਂ 'ਚ ਹੋ ਜਾਵੇਗਾ ਸਮੱਸਿਆ ਦਾ ਹੱਲ


ਬਿਨੈਕਾਰ ਦੀ ਸ਼ਿਕਾਇਤ ਦਾ 3 ਦਿਨਾਂ ਦੇ ਅੰਦਰ ਨਿਪਟਾਰਾ ਕਰਨਾ ਹੋਵੇਗਾ। ਮਾਹਿਰਾਂ ਅਨੁਸਾਰ ਜਨ ਸਮਰਥ ਪੋਰਟਲ 'ਤੇ ਬਿਨੈਕਾਰ ਦੇ ਨਾਲ ਬੈਂਕ ਅਤੇ ਵੱਖ-ਵੱਖ ਛੋਟੇ-ਵੱਡੇ ਕਰਜ਼ਾ ਦੇਣ ਵਾਲੇ ਅਦਾਰੇ ਵੀ ਉਪਲੱਬਧ ਹੋਣਗੇ, ਜੋ ਕਰਜ਼ੇ ਲਈ ਆਉਣ ਵਾਲੀ ਅਰਜ਼ੀ 'ਤੇ ਆਪਣੀ ਪ੍ਰਵਾਨਗੀ ਦੇਣਗੇ। ਇਸ ਸਮੇਂ ਬੈਂਕ ਸਮੇਤ 125 ਤੋਂ ਵੱਧ ਵਿੱਤੀ ਸੰਸਥਾਵਾਂ ਇਸ ਪੋਰਟਲ ਨਾਲ ਜੁੜ ਚੁੱਕੀਆਂ ਹਨ।


ਜਨ ਸਮਰਥ ਪੋਰਟਲ ਕੀ ਹੈ?


ਜਨ ਸਮਰਥ ਇੱਕ ਡਿਜ਼ੀਟਲ ਪੋਰਟਲ ਹੈ, ਜਿੱਥੇ 13 ਕ੍ਰੈਡਿਟ ਲਿੰਕਡ ਸਰਕਾਰੀ ਸਕੀਮਾਂ ਇੱਕ ਪਲੇਟਫ਼ਾਰਮ 'ਤੇ ਉਪਲੱਬਧ ਹਨ। ਲਾਭਪਾਤਰੀ ਬੜੀ ਆਸਾਨੀ ਨਾਲ ਆਪਣੀ ਯੋਗਤਾ ਦੀ ਡਿਜ਼ੀਟਲ ਜਾਂਚ ਕਰ ਸਕਦੇ ਹਨ। ਯੋਗ ਸਕੀਮਾਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਡਿਜ਼ੀਟਲ ਪ੍ਰਵਾਨਗੀ ਵੀ ਪ੍ਰਾਪਤ ਕਰ ਸਕਦੇ ਹਨ।


ਇਸ ਲਈ ਕਿਵੇਂ ਕਰੀਏ ਅਪਲਾਈ?


ਮੌਜੂਦਾ ਸਮੇਂ 'ਚ 4 ਲੋਨ ਕੈਟਾਗਰੀਆਂ ਹਨ ਅਤੇ ਹਰੇਕ ਲੋਕ ਕੈਟਾਗਰੀ ਤਹਿਤ ਕਈ ਯੋਜਨਾਵਾਂ ਇਸ 'ਚ ਹਨ। ਆਪਣੀ ਤਰਜ਼ੀਹ ਵਾਲੀ ਲੋਨ ਕੈਟਾਗਰੀ ਲਈ ਤੁਹਾਨੂੰ ਪਹਿਲਾਂ ਕੁਝ ਸਧਾਰਨ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਜੋ ਤੁਹਾਨੂੰ ਤੁਹਾਡੀ ਯੋਗਤਾ ਦੀ ਜਾਂਚ ਕਰਨ ਦੇ ਯੋਗ ਬਣਾਉਣਗੇ। ਜੇਕਰ ਤੁਸੀਂ ਕਿਸੇ ਸਕੀਮ ਲਈ ਯੋਗ ਹੋ ਤਾਂ ਤੁਸੀਂ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਵੋਗੇ। ਇਸ ਤੋਂ ਬਾਅਦ ਤੁਹਾਨੂੰ ਡਿਜ਼ੀਟਲ ਮਨਜ਼ੂਰੀ ਮਿਲ ਜਾਵੇਗੀ।


ਕੀ ਕੋਈ ਵੀ ਲੋਨ ਲਈ ਕਰ ਸਕਦਾ ਹੈ ਅਪਲਾਈ?


ਹਾਂ, ਕੋਈ ਵੀ ਲੋਨ ਲਈ ਅਰਜ਼ੀ ਦੇ ਸਕਦਾ ਹੈ। ਪਹਿਲਾਂ, ਤੁਹਾਨੂੰ ਆਪਣੀ ਜ਼ਰੂਰਤ ਵਾਲੀ ਲੋਨ ਕੈਟਾਗਰੀ 'ਚ ਯੋਗਤਾ ਦੀ ਜਾਂਚ ਕਰਨੀ ਹੋਵੇਗੀ ਅਤੇ ਜੇਕਰ ਤੁਸੀਂ ਯੋਗ ਹੋ ਤਾਂ ਆਨਲਾਈਨ ਅਰਜ਼ੀ ਪ੍ਰਕਿਰਿਆ ਰਾਹੀਂ ਕਰਜ਼ੇ ਲਈ ਅਰਜ਼ੀ ਦੇ ਸਕਦੇ ਹੋ।