ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਤਾਰਾਂ ਸਿਰਸਾ ਦੇ ਪਿੰਡ ਕਾਲਾਵਾਲੀ ਨਾਲ ਜੁੜੀਆਂ ਨਜ਼ਰ ਆ ਰਹੀਆਂ ਹਨ, ਇਲਜ਼ਾਮ ਹੈ ਕਿ ਪਿੰਡ ਕਾਲਾਵਾਲੀ ਦੇ ਰਹਿਣ ਵਾਲੇ ਸੰਦੀਪ ਉਰਫ਼ ਕੇਕੜਾ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰ ਉਸਦੀ ਜਾਣਕਾਰੀ ਕਾਤਲਾਂ ਤੱਕ ਪਹੁੰਚਾਈ। SIT ਸੰਦੀਪ ਉਰਫ ਕੇਕੜਾ ਨੂੰ ਪਿੰਡ ਕਾਲਾਵਾਲੀ ਤੋਂ ਹਿਰਾਸਤ 'ਚ ਲੈ ਕੇ ਪੁੱਛਗਿੱਛ ਲਈ ਮਾਨਸਾ ਲੈ ਗਈ।


ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੇਕੜਾ ਆਪਣੇ ਸਾਥੀ ਨਾਲ ਮੂਸੇਵਾਲਾ ਦਾ ਫੈਨ ਬਣ ਕੇ ਪਿੰਡ ਮੂਸੇ ਪਹੁੰਚਿਆ ਸੀ। ਉਹ ਕਰੀਬ 45 ਮਿੰਟ ਤੱਕ ਉੱਥੇ ਰਿਹਾ । ਉਸਨੇ ਚਾਹ ਪੀਤੀ ਫਿਰ ਮੂਸੇਵਾਲਾ ਨਾਲ ਸੈਲਫੀ ਲਈ। ਇਸ ਬਹਾਨੇ ਦੇਖਿਆ ਗੰਨਮੈਨ ਮੂਸੇਵਾਲਾ ਨਾਲ ਜਾ ਰਿਹਾ ਹੈ ਜਾਂ ਨਹੀਂ? ਫਿਰ ਜਿਵੇਂ ਹੀ ਮੂਸੇਵਾਲਾ ਥਾਰ ਚਲਾਉਂਦੇ ਹੋਏ ਬਿਨਾਂ ਸੁਰੱਖਿਆ ਦੇ ਨਿਕਲਿਆ ਤਾਂ ਉਸ ਨੇ ਸ਼ਾਰਪ ਸ਼ੂਟਰਾਂ ਨੂੰ ਸੁਚੇਤ ਕਰ ਦਿੱਤਾ।ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਵਿੱਚ ਸੰਦੀਪ ਉਰਫ ਕੇਕੜਾ ਵੀ ਮੂਸੇਵਾਲਾ ਦੇ ਕਤਲ ਤੋਂ 15 ਮਿੰਟ ਪਹਿਲਾਂ  ਦਿਖਾਈ ਦਿੱਤਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਕੇਕੜੇ ਦੀ ਮਾਸੀ ਪਿੰਡ ਮੂਸੇਵਾਲਾ ਵਿੱਚ ਰਹਿੰਦੀ ਹੈ, ਜਦੋਂ ਕਿ ਕੇਕੜੇ ਦੀ ਭੈਣ ਦਾ ਵਿਆਹ ਪਿੰਡ ਮੂਸੇਵਾਲਾ ਦੇ ਨਾਲ ਲੱਗਦੇ ਪਿੰਡ ਰਾਮਦੱਤ ਵਿੱਚ ਹੋਇਆ ਹੈ।


 









ਦੋਸ਼ੀ ਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਮੇਰਾ ਲੜਕਾ ਨਸ਼ੇ ਦਾ ਆਦੀ ਹੈ, ਮੇਰੇ ਨਾਲ ਵੀ ਲੜਦਾ ਹੈ ਅਤੇ ਉਸਨੇ ਮੈਨੂੰ ਘਰੋਂ ਕੱਢ ਦਿੱਤਾ ਹੈ, ਉਹ 10-12 ਦਿਨ ਪਹਿਲਾਂ ਘਰ ਆਇਆ ਸੀ ਅਤੇ ਉਸ ਤੋਂ ਬਾਅਦ ਘਰ ਨਹੀਂ ਆਇਆ। ਬਲਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਨਾ ਕਦੇ ਘਰ ਆਉਂਦਾ ਹੈ ਅਤੇ ਕਦੇ ਨਹੀਂ ਆਉਂਦਾ , ਇੱਕ ਵਾਰ ਉਹ ਚਿੱਟਾ ਪੀਂਦਾ ਵੀ ਕਾਬੂ ਕੀਤਾ ਗਿਆ ਸੀ।


ਇਸੇ ਸੰਦੀਪ ਉਰਫ ਕੇਕੜਾ ਦੇ ਗੁਆਂਢੀ ਗੁਰਪ੍ਰੀਤ ਦਾ ਕਹਿਣਾ ਹੈ ਕਿ ਇਹ ਲੜਕਾ ਪਹਿਲਾਂ ਅਜਿਹਾ ਨਹੀਂ ਸੀ, ਇਸ ਦਾ ਪਿਤਾ ਬਹੁਤ ਗਰੀਬ ਹੈ, ਉਹ ਸਾਡੇ ਨਾਲ ਮਜ਼ਦੂਰੀ ਕਰਦਾ ਹੈ। ਗੁਰਪ੍ਰੀਤ ਨੇ ਦੱਸਿਆ ਕਿ ਸੰਦੀਪ ਨੂੰ ਇਨ੍ਹੀਂ ਦਿਨੀਂ ਚਿੱਟਾ ਪੀਣ ਦਾ ਆਦੀ ਹੋ ਗਿਆ ਹੈ।