ਨੀਮਚ: ਮੱਧ ਪ੍ਰਦੇਸ਼ ਤੋਂ ਇੱਕ 10 ਸਾਲਾ ਬੱਚੇ ਵਲੋਂ ਸਹਿਕਾਰੀ ਬੈਂਕ 'ਚੋਂ 10 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਿਕ 30 ਸਕਿੰਟ 'ਚ ਬੱਚੇ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਇਸ ਚੋਰੀ ਬਾਰੇ ਬੈਂਕ ਸਟਾਫ ਅਤੇ ਬੈਂਕ 'ਚ ਮੌਜੂਦ ਹੋਰ ਲੋਕਾਂ ਨੂੰ ਵੀ ਨਾ ਲੱਗ ਸਕੀ।


ਮਾਮਲਾ ਨੀਮਚ ਜ਼ਿਲ੍ਹੇ ਦੇ ਜਾਵੇਦ ਇਲਾਕੇ ਦਾ ਹੈ।ਇਸ ਚੋਰੀ ਦਾ ਖੁਲਾਸਾ ਸੀਸੀਟੀਵੀ ਫੁਟੇਜ ਤੋਂ ਹੋਇਆ ਹੈ।ਬੱਚਾ ਕਰੀਬ 11 ਵਜੇ ਬੈਂਕ ਅੰਦਰ ਦਾਖਲ ਹੋਇਆ। ਉਹ ਕੈਸ਼ੀਅਰ ਰੂਮ 'ਚ ਵੀ ਦਾਖਲ ਹੋ ਜਾਂਦਾ ਹੈ ਪਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ।ਵੇਖਦੇ ਹੀ ਵੇਖਦੇ ਉਹ ਨੋਟਾਂ ਦੇ ਢੇਰ ਨੂੰ ਇੱਕ ਬੂਰੇ 'ਚ ਸੁੱਟ ਦਾ ਹੈ ਅਤੇ ਫਰਾਰ ਹੋ ਜਾਂਦਾ ਹੈ।


ਜਿਵੇਂ ਹੀ ਬੱਚਾ ਚੋਰੀ ਕਰਕੇ ਬਾਹਰ ਭੱਜਦਾ ਹੈ, ਬੈਂਕ ਦਾ ਅਲਾਰਮ ਵੱਜਣਾ ਸ਼ੁਰੂ ਹੋ ਜਾਂਦਾ ਹੈ ਅਤੇ ਬੈਂਕ ਦਾ ਗਾਰਡ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਉਹ ਬਚ ਕੇ ਨਿਕਲ ਜਾਂਦਾ ਹੈ।ਪੁਲਿਸ ਨੂੰ ਸੀਸੀਟੀਵੀ ਫੁਟੇਜ ਰਾਹੀਂ ਪਤਾ ਲੱਗਿਆ ਹੈ ਕਿ ਇੱਕ 20 ਸਾਲਾ ਵਿਅਕਤੀ ਬੱਚੇ ਨੂੰ ਹਿਦਾਇਤ ਦੇ ਰਿਹਾ ਸੀ। ਇਹ ਨੌਜਵਾਨ 30 ਮਿੰਟ ਲਈ ਬੈਂਕ ਦੇ ਅੰਦਰ ਹੀ ਮੌਜੂਦ ਸੀ।

ਜਿਵੇਂ ਹੀ ਉਸਨੇ ਵੇਖਿਆ ਕਿ ਇੱਕ ਕੈਸ਼ੀਅਰ ਆਪਣੀ ਸੀਟ ਤੋਂ ਉਠ ਕੇ ਕਿਸੇ ਹੋਰ ਕਮਰੇ ਵਿੱਚ ਗਿਆ, ਤਾਂ ਉਸਨੇ ਨਾਬਾਲਿਗ ਨੂੰ ਇਸ਼ਾਰਾ ਕੀਤਾ, ਜੋ ਕਿ ਬਾਹਰ ਖੜਾ ਸੀ।ਇਸ ਤੋਂ ਬਾਅਦ ਬੱਚਾ ਨੋਟਾਂ ਦਾ ਬੰਡਲ ਚੋਰੀ ਕਰਕੇ ਫਰਾਰ ਹੋ ਗਿਆ।

ਨੀਮਚ ਦੇ ਐਸਪੀ ਮਨੋਜ ਰਾਏ ਨੇ ਕਿਹਾ ਕਿ ਨਾਬਾਲਗ ਬਹੁਤ ਛੋਟਾ ਸੀ ਇਸ ਲਈ ਕੈਸ਼ ਕਾਉਂਟਰ ਦੇ ਸਾਹਮਣੇ ਖੜੇ ਲੋਕ ਉਸਨੂੰ ਪੈਸੇ ਚੋਰੀ ਕਰਦੇ ਨਹੀਂ ਦੇਖ ਸਕੇ। ਇਸ ਘਟਨਾ ਦੇ ਸਬੰਧ ਵਿੱਚ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਖੇਤਰ ਵਿੱਚ ਸੜਕ ਕਿਨਾਰੇ ਲੱਗੇ ਸਟਾਲ ਲਗਾਉਣ ਵਾਲੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।ਨਿਜੀ ਸੁਰੱਖਿਆ ਗਾਰਡਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।