ਚੰਡੀਗੜ੍ਹ: ਇੱਕ ਨਾਈਟ ਕਲੱਬ ਦੇ ਬਾਹਰ ਸਾਬਕਾ ਵਿਦਿਆਰਥੀ ਨੇਤਾ ਦੀ ਹੱਤਿਆ ਤੋਂ ਇੱਕ ਦਿਨ ਬਾਅਦ ਹੀ, ਇੱਕ ਹੋਰ ਘਟਨਾ ਸਾਹਮਣਾ ਆਈ ਹੈ। 24 ਸਾਲਾ ਪੇਸ਼ੇਵਰ ਡਾਂਸਰ, ਸੌਰਵ ਗੁੱਜਰ ਤੇ ਵੀ ਜਾਨ ਲੇਵਾ ਹੋਇਆ ਹੈ। ਐਤਵਾਰ ਦੇਰ ਰਾਤ ਸੈਕਟਰ 9, ਦੇ ਕਲੱਬ ਐਸਕੋਬਾਰ ਦੇ ਬਾਹਰ ਉਸ ਉੱਤੇ ਹਮਲਾ ਹੋਇਆ। ਹਮਲਾਵਰ ਨੇ ਗੋਲੀਆਂ ਚੱਲਾਈਆਂ ਜਿਸ 'ਚ ਗੁੱਜਰ ਦੀ ਲੱਤ ਤੇ ਗੋਈ ਲੱਗੀ ਅਤੇ ਉਹ ਜ਼ਖਮੀ ਹੋ ਗਿਆ।


ਦੱਸ ਦੇਈਏ ਕਿ ਸੌਰਵ ਗੁੱਜਰ ਇੱਕ ਟਿਕ-ਟੌਕ ਸਟਾਰ ਵੀ ਰਿਹਾ ਹੈ।ਹਾਲਾਂਕਿ ਇਹ ਚੀਨੀ ਐਪ ਭਾਰਤ ਅੰਦਰ ਬੈਨ ਕਰ ਦਿੱਤੀ ਗਈ ਹੈ।ਹਮਲਾਵਰ ਵਲੋਂ ਗੁੱਜਰ ਤੇ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਪੀੜਤ ਦੀ ਲੱਤ ਤੇ ਲੱਗ ਗਈ।ਪੁਲਿਸ ਨੇ ਮੁੱਖ ਹਮਲਾਵਰ ਦੀ ਪਛਾਣ ਲੁਧਿਆਣਾ ਦੇ ਮੂਵੀਜ਼ ਬੈਂਸ ਵਜੋਂ ਕੀਤੀ ਹੈ, ਜਿਸਦਾ ਅਪਰਾਧਿਕ ਪਿਛੋਕੜ ਵੀ ਹੈ।

ਜ਼ਖਮੀ ਸੌਰਵ ਗੁੱਜਰ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮੂਵੀਜ਼ ਬੈਂਸ ਤਿੰਨ ਹੋਰ ਵਿਅਕਤੀਆਂ ਦੇ ਨਾਲ ਸੀ। ਚਾਰੇ ਹੁਣ ਮੌਕੇ ਤੋਂ ਫਰਾਰ ਹਨ।ਇਹ ਘਟਨਾ ਰਾਤ ਕਰੀਬ 10.30 ਵਜੇ ਵਾਪਰੀ। ਹਾਲਾਂਕਿ, ਪੁਲਿਸ ਨੂੰ ਇਸ ਸਬੰਧੀ ਸੂਚਨਾ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਦਿੱਤੀ ਗਈ।

ਸੂਤਰਾਂ ਮੁਤਾਬਿਕ, ਸੌਰਵ ਗੁੱਜਰ ਇੱਕ ਹੋਰ ਡਾਂਸਰ ਨਾਲ ਡਾਂਸ ਫਲੋਰ 'ਤੇ ਡਾਂਸ ਕਰ ਰਿਹਾ ਸੀ। ਅਚਾਨਕ, ਮੂਵੀਜ਼ ਬੈਂਸ ਆਇਆ ਅਤੇ ਉਸਨੇ ਡਾਂਸ ਫਲੋਰ 'ਤੇ ਕੁਝ ਪੈਸੇ ਸੁੱਟ ਦਿੱਤੇ। ਗੁੱਜਰ ਨੂੰ ਨਾਰਾਜ਼ਗੀ ਮਹਿਸੂਸ ਹੋਈ ਅਤੇ ਉਸਨੇ ਮੁਲਜ਼ਮ ਬੈਂਸ ਨੂੰ ਤਾਕੀਦ ਕੀਤੀ ਕਿ ਉਹ ਡਾਂਸ ਫਲੋਰ ਤੋਂ ਪੈਸੇ ਚੁੱਕ ਲਵੇ। ਬੈਂਸ ਨੇ ਗੁੱਜਰ ਨੂੰ ਥੱਪੜ ਮਾਰਿਆ ਅਤੇ ਬਾਅਦ ਵਿੱਚ ਹੋਰ ਲੋਕਾਂ ਨੇ ਵੀ ਉਸ ਤੇ ਹਮਲਾ ਕਰ ਦਿੱਤਾ। ਨਾਈਟ ਕਲੱਬ ਦੇ ਅੰਦਰ ਮੌਜੂਦ ਕਿਸੇ ਵਿਅਕਤੀ ਨੇ ਆਪਣੇ ਸੈੱਲ ਫੋਨ 'ਤੇ ਇਸ ਨੂੰ ਰਿਕਾਰਡ ਕਰ ਲਿਆ।ਬਾਅਦ ਵਿਚ, ਵੀਡੀਓ ਕਲਿੱਪ ਵਾਇਰਸ ਹੋ ਗਿਆ।

ਮੁੱਖ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਕਾਬੂ ਕਰਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਪੀੜਤ ਅਤੇ ਹਮਲਾ ਕਰਨ ਵਾਲਿਆਂ ਵਿਚਕਾਰ ਪਹਿਲਾਂ ਕੋਈ ਰੰਜਿਸ਼ ਨਹੀਂ ਸੀ।ਚੰਡੀਗੜ੍ਹ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਸਾਬਕਾ ਵਿਦਿਆਰਥੀ ਆਗੂ ਗੁਰਲਾਲ ਬਰਾੜ ਨੂੰ ਸ਼ਨੀਵਾਰ ਰਾਤ ਇੰਡਸਟਰੀਅਲ ਏਰੀਆ ਦੇ ਫੇਜ਼ -1 'ਚ ਇਕ ਨਾਈਟ ਕਲੱਬ ਦੇ ਬਾਹਰ ਗੋਲੀ ਮਾਰ ਦਿੱਤੀ ਗਈ। ਦੋ ਹਮਲਾਵਰਾਂ ਨੇ ਉਸ ਉੱਤੇ ਸੱਤ ਗੋਲੀਆਂ ਚਲਾਈਆਂ ਸੀ। ਜਦੋਂ ਉਹ ਆਪਣੀ ਕਾਰ ਕਿਸੇ ਨੂੰ ਸੌਂਪਣ ਦੀ ਉਡੀਕ ਕਰ ਰਿਹਾ ਸੀ।