ਲਾਸ ਏਂਜਲਸ: ਇੱਕ 50 ਸਾਲਾ ਦੰਦਾਂ ਦੇ ਡਾਕਟਰ 'ਤੇ ਨੌਂ ਮਰੀਜ਼ਾਂ ਦਾ ਯੌਨ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਾ ਹੈ। ਵਕੀਲ ਨੇ ਦੋਸ਼ ਲਾਇਆ ਹੈ ਕਿ ਇਹ ਘਟਨਾ ਦੰਦਾਂ ਦੇ ਡਾਕਟਰਾਂ ਦੇ ਕਲੀਨਕ ਵਿੱਚ 2013 ਤੇ 2018 ਦਰਮਿਆਨ ਹੋਈ ਸੀ। ਡਿਸਟ੍ਰਿਕ ਅਟਾਰਨੀ ਦੇ ਦਫ਼ਤਰ ਅਨੁਸਾਰ ਪੀੜਤ ਔਰਤਾਂ ਵਿੱਚ 27 ਤੋਂ 73 ਸਾਲ ਦੀ ਉਮਰ ਦੀਆਂ ਔਰਤਾਂ ਵੀ ਸ਼ਾਮਲ ਹਨ।

ਐਮਡ ਫੈਥੀ ਮੋਈਵਡ ਸੋਮਵਾਰ ਨੂੰ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਇਆ। ਉਸ ਨੂੰ ਪਿਛਲੇ ਵੀਰਵਾਰ ਗ੍ਰਿਫਤਾਰ ਕੀਤਾ ਗਿਆ ਸੀ ਤੇ ਸੋਮਵਾਰ ਉਸ ਵਿਰੁੱਧ ਦੋਸ਼ ਲਗਾਏ ਗਏ। ਉਸ ਨੂੰ ਬੁੱਧਵਾਰ ਦੁਬਾਰਾ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

ਲਾਸ ਏਂਜਲਸ ਕਾਉਂਟੀ ਦੇ ਡਿਸਟ੍ਰਿਕ ਅਟਾਰਨੀ ਜਾਰਜ ਗੈਸਕੋਨ ਨੇ ਕਿਹਾ ਕਿ ਮੁਲਜ਼ਮ ਉਨ੍ਹਾਂ ਮਰੀਜ਼ਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਆਪਣੇ ਨਾਲ ਹੋਏ ਜੁਰਮ ਬਾਰੇ ਦੱਸ ਨਹੀਂ ਸਕਦੇ। ਉਨ੍ਹਾਂ ਹੋਰ ਪੀੜਤਾਂ ਨੂੰ ਅੱਗੇ ਆ ਕੇ ਮਾਮਲੇ ਨੂੰ ਸਾਹਮਣੇ ਲਿਆਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਇਹ ਕਿੱਸਾ ਵਿਸ਼ੇਸ਼ ਤੌਰ 'ਤੇ ਚਿੰਤਾਜਨਕ ਹੈ ਕਿਉਂਕਿ ਪੀੜਤਾਂ ਵਿੱਚ ਘੱਟ ਆਮਦਨੀ ਵਾਲੇ ਲੋਕ ਤੇ ਪ੍ਰਵਾਸੀ ਸ਼ਾਮਲ ਹੁੰਦੇ ਹਨ ਜੋ ਡਰ ਕਾਰਨ ਜੁਰਮ ਦੀ ਰਿਪੋਰਟ ਕਰਨ ਤੋਂ ਝਿਜਕਦੇ ਹਨ। ਅਸੀਂ ਸੰਭਾਵੀ ਹੋਰ ਪੀੜਤਾਂ ਨੂੰ ਅੱਗੇ ਆਉਣ ਲਈ ਕਹਿ ਰਹੇ ਹਾਂ ਤੇ ਸਾਡੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਨ। ਜੇ ਉਨ੍ਹਾਂ ਨੂੰ ਇਸ ਕੇਸ ਨਾਲ ਜੁੜੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਰਿਪੋਰਟ ਕਰਨ ਲਈ ਪ੍ਰੇਰਿਤ ਕਰਨ। ਤਾਜ਼ਾ ਦੋਸ਼ ਲੰਬੀ ਜਾਂਚ ਤੋਂ ਬਾਅਦ ਲਾਇਆ ਗਿਆ ਹੈ।

ਕਲੀਨਕ ਵਿੱਚ ਔਰਤ ਮਰੀਜ਼ਾਂ ਨੂੰ ਨਿਸ਼ਾਨਾ ਬਣਾਉਂਦਾ ਸੀ
ਸ਼ੁਰੂਆਤੀ ਤੌਰ 'ਤੇ ਇੱਕ ਔਰਤ ਮਰੀਜ਼ ਨੇ 2019 'ਚ ਉਸ ਦੇ ਖਿਲਾਫ ਜਿਣਸੀ ਹਿੰਸਾ ਤੇ ਜਿਨਸੀ ਪ੍ਰੇਸ਼ਾਨੀ ਦਾ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਵਾਰ ਜਦੋਂ ਉਹ ਡੀਪ ਕਲੀਨਿੰਗ ਲਈ ਗਈ ਸੀ, ਉਸ ਸਮੇਂ ਮੁਲਜ਼ਮ ਨੇ ਉਸ ਦੀ ਕਮੀਜ਼ 'ਤੇ ਹੱਥ ਰੱਖਿਆ ਤੇ ਅਨੱਸਥੀਸੀਆ ਦੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਉਸ ਨਾਲ ਛੇੜਛਾੜ ਕੀਤੀ।

ਉਸ ਨੇ ਤੁਰੰਤ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਦਿਨਾਂ ਬਾਅਦ ਆਪਣੇ ਦੰਦਾਂ ਦੇ ਸਹਾਇਕ ਤੇ ਸੈਕਟਰੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਕਾਨੂੰਨੀ ਦਸਤਾਵੇਜ਼ਾਂ ਅਨੁਸਾਰ ਸੈਕਟਰੀ ਨੇ ਜਵਾਬ ਦਿੱਤਾ, "ਅਸੀਂ ਜਾਣਦੇ ਹਾਂ, ਪਰ ਇਸ ਬਾਰੇ ਕੁਝ ਨਹੀਂ ਕਰ ਸਕਦੇ।"