ਕੋਲਕਾਤਾ: ਕੋਲਕਾਤਾ ਪੁਲਿਸ ਅੱਜ ਭੜਕਾਊ ਭਾਸ਼ਣ ਮਾਮਲੇ ਵਿੱਚ ਬਾਲੀਵੁੱਡ ਅਭਿਨੇਤਾ ਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਜਾਂਚ ਵਰਚੁਅਲ ਹੋ ਰਹੀ ਹੈ। ਮਿਥੁਨ ਚੱਕਰਵਰਤੀ 'ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਗੰਦੀ ਤੇ ਗੈਰ ਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਹੈ।


ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਮਿਥੁਨ ਚੱਕਰਵਰਤੀ ਖਿਲਾਫ ਮਹਾਂਨਗਰ ਵਿੱਚ ਮਨੀਕਤੱਲਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਉੱਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ ਸੀ। ਮਨੀਕਤੱਲਾ ਥਾਣੇ ਵਿੱਚ ਦਰਜ ਐਫਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੱਕਰਵਰਤੀ ਨੇ 7 ਮਾਰਚ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀਤੀ ਰੈਲੀ ਵਿੱਚ “ਮਾਰਬੋ ਇਕਨੇ ਲਾਸ਼ ਪੋਰਬੇ ਸ਼ੋਸਾਨੇ” (ਜੇ ਮੈਂ ਤੁਹਾਨੂੰ ਮਾਰ ਦਿੱਤਾ ਤਾਂ ਲਾਸ਼ ਸ਼ਮਸ਼ਾਨਘਾਟ ਵਿੱਚ ਡਿੱਗੇਗੀ) ਤੇ “ਇਕ ਚੋਬੋਲੇ ਚਾਬੀ" (ਤੁਸੀਂ ਇੱਕ ਸੱਪ ਦੇ ਚੱਕ ਨਾਲ ਤਸਵੀਰ ਵਿੱਚ ਕੈਦ ਹੋ ਜਾਵੋਗੇ) ਸੰਵਾਦ ਬੋਲੇ, ਜਿਸ ਕਾਰਨ ਚੋਣਾਂ ਤੋਂ ਬਾਅਦ ਰਾਜ ਵਿੱਚ ਹਿੰਸਾ ਹੋਈ।

ਚੋਣ ਨਤੀਜਿਆਂ ਦੇ ਐਲਾਨ ਤੋਂ ਇੱਕ ਮਹੀਨੇ ਬਾਅਦ ਮਿਥੁਨ ਚੱਕਰਵਰਤੀ ਨੇ ਕਲਕੱਤਾ ਹਾਈ ਕੋਰਟ ਵਿੱਚ ਉਕਤ ਐਫਆਈਆਰ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਐਫਆਈਆਰ ਰੱਦ ਕੀਤੀ ਜਾਵੇ।

ਇਸ ਤੋਂ ਬਾਅਦ ਕਲਕੱਤਾ ਹਾਈ ਕੋਰਟ ਨੇ ਮਿਥੁਨ ਚੱਕਰਵਰਤੀ ਨੂੰ ਰਾਜ ਨੂੰ ਆਪਣਾ ਈ-ਮੇਲ ਪਤਾ ਦੇਣ ਦੇ ਨਿਰਦੇਸ਼ ਦਿੱਤੇ ਤਾਂ ਕਿ ਉਹ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਦਰਜ ਕੀਤੀ ਸ਼ਿਕਾਇਤ ਦੇ ਸਬੰਧ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੁੱਛਗਿੱਛ ਵਿੱਚ ਸ਼ਾਮਲ ਹੋ ਸਕੇ। ਅਭਿਨੇਤਾ ਦੀ ਅਪੀਲ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਮਿਥੁਨ ਚੱਕਰਵਰਤੀ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਲਈ ਉਚਿਤ ਸਮਾਂ ਦੇਣ ਦੇ ਨਿਰਦੇਸ਼ ਵੀ ਦਿੱਤੇ ਸਨ।

ਚੱਕਰਵਰਤੀ ਨੇ ਹਾਈ ਕੋਰਟ ਵਿੱਚ ਐਫਆਈਆਰ ਖ਼ਤਮ ਕਰਨ ਦੀ ਮੰਗ ਕਰਦਿਆਂ ਪਟੀਸ਼ਨ ਵਿੱਚ ਕਿਹਾ ਹੈ ਕਿ ਉਹਨਾਂ ਸਿਰਫ ਆਪਣੀਆਂ ਫਿਲਮਾਂ ਦੇ ਡਾਇਲਾਗ ਬੋਲੇ ਸਨ।  

ਅੱਜ ਹੋ ਰਹੀ ਹੈ ਪੁੱਛਗਿੱਛ
ਇਸ ਸਬੰਧ ਵਿਚ ਅੱਜ ਕੋਲਕਾਤਾ ਪੁਲਿਸ ਮਿਥੁਨ ਤੋਂ ਵਰਚੁਅਲੀ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਅੱਜ ਮਿਥੁਨ ਚੱਕਰਵਰਤੀ ਦਾ ਜਨਮਦਿਨ ਵੀ ਹੈ। ਉਹ 71 ਸਾਲ ਦੇ ਹੋ ਗਏ ਹਨ।