Sangrur News: ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ 'ਤੇ ਨਵੀਂ ਬਣ ਰਹੀ ਹੋਟਲ ਦੀ ਇਮਾਰਤ 'ਚ 60 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚੋਰੀ ਦਾ ਕੋਈ ਵੀ ਐਂਗਲ ਸਾਹਮਣੇ ਨਹੀਂ ਹੈ ਇਸ ਲਈ ਪੁਲਿਸ ਕਤਲ ਕੇਸ ਤਹਿਤ ਇਸ ਦੀ ਜਾਂਚ ਕਰ ਰਹੀ ਹੈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।


 


 


ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਨਵੇਂ ਬਣੇ ਹੋਟਲ ਦੀ ਇਮਾਰਤ 'ਚ 60 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ 'ਚ ਸਨਸਨੀ ਦਾ ਮਾਹੌਲ ਹੈ, ਮ੍ਰਿਤਕ ਵਿਅਕਤੀ ਦੀ ਪਛਾਣ ਮਹਿੰਦਰ ਸਿੰਘ ਵਾਸੀ ਹਮੀਰਗੜ੍ਹ ਹਰਿਆਣਾ ਦਾ ਰਹਿਣ ਵਾਲਾ ਹੈ ਜਿਸ ਦੀ ਲਾਸ਼ ਹੋਟਲ 'ਚ ਬਣੇ ਕਮਰੇ 'ਚ ਮੰਜੇ 'ਤੇ ਪਈ ਮਿਲੀ ਹੈ।


ਮ੍ਰਿਤਕ ਮਹਿੰਦਰ ਸਿੰਘ ਆਪਣੇ ਰਿਸ਼ਤੇਦਾਰ ਦੇ ਨਵੇਂ ਬਣੇ ਹੋਟਲ 'ਚ ਰਾਤ ਨੂੰ ਪਹਿਰੇ ਦੇ ਤੌਰ 'ਤੇ ਰਹਿੰਦਾ ਸੀ। ਪਿਛਲੇ ਕਈ ਮਹੀਨਿਆਂ ਤੋਂ ਇਸ ਹੋਟਲ ਦਾ ਨਿਰਮਾਣ ਚੱਲ ਰਿਹਾ ਸੀ।ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਦੋਂ ਸਵੇਰੇ ਹੋਟਲ ਵਿੱਚ ਕੰਮ ਕਰਨ ਵਾਲਾ ਮਕੈਨਿਕ ਹੋਟਲ ਪਹੁੰਚਿਆ ਤਾਂ ਉਸ ਨੇ ਇਸ ਦੀ ਸੂਚਨਾ ਆਪਣੇ ਹੋਟਲ ਮਾਲਕ ਨੂੰ ਦਿੱਤੀ।


ਹੋਟਲ ਮਾਲਕ ਨੇ ਦੱਸਿਆ ਕਿ ਮ੍ਰਿਤਕ ਉਸ ਦਾ ਮਾਮਾ ਸੀ, ਜੋ ਕਿ ਹੋਟਲ ਦੀ ਉਸਾਰੀ ਦੌਰਾਨ ਰਾਤ ਨੂੰ ਇੱਥੇ ਰਹਿੰਦਾ ਸੀ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਕਾਤਲਾਂ ਨੂੰ ਕਾਬੂ ਕੀਤਾ ਜਾਵੇ।


ਡੀ.ਐੱਸ.ਪੀ ਸਤਵੀਰ ਸਿੰਘ ਨੇ ਦੱਸਿਆ ਕਿ ਬਰਨਾਲਾ-ਬਠਿੰਡਾ ਹਾਈਵੇਅ ਜੀ.ਈ.ਈ ਮਾਲ ਨੇੜੇ ਇੱਕ ਨਵੇਂ ਹੋਟਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਹੋਟਲ ਦਾ ਮਾਲਕ ਸੰਗਰੂਰ ਦਾ ਰਹਿਣ ਵਾਲਾ ਹੈ ਅਤੇ ਬੀਤੀ ਰਾਤ ਉਸ ਦੇ ਰਿਸ਼ਤੇਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਹੋਟਲ ਮਾਲਕ ਸੰਦੀਪ ਗਿੱਲ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।