Himachali taxi driver: ਹਿਮਾਚਲ ਪੁਲਿਸ ਵੱਲੋਂ ਹਿਮਾਚਲੀ ਟੈਕਸੀ ਡਰਾਈਵਰ ਦੀ ਲਾਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਕਤਲ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਹਿਮਾਚਲ ਦੇ ਡਰਾਈਵਰ ਦੀ ਲਾਸ਼ ਦੀ ਭਾਲ ਵਿੱਚ ਕੀਰਤਪੁਰ ਸਾਹਿਬ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਦੀ ਮਦਦ ਦੇ ਨਾਲ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।



ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਹਿਮਾਚਲ ਦੇ ਇੱਕ ਟੈਕਸੀ ਡਰਾਈਵਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਕੀਰਤਪੁਰ ਸਾਹਿਬ ਦੀ ਨਹਿਰ ਵਿੱਚ ਸੁੱਟਿਆ ਗਿਆ ਹੈ। ਜਿਸ ਤੋਂ ਬਾਅਦ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ, ਉਹਨਾਂ ਦੀ ਨਿਸ਼ਾਨਦੇਹੀ 'ਤੇ ਅੱਜ ਹਿਮਾਚਲ ਪੁਲਿਸ ਵੱਲੋਂ ਕੀਰਤਪੁਰ ਸਾਹਿਬ ਵਿਖੇ ਨਹਿਰ ਦੇ ਵਿੱਚੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਹਿਮਾਚਲ ਨਾਲ ਸੰਬੰਧਿਤ ਟੈਕਸੀ ਡਰਾਈਵਰ ਦੀ ਲਾਸ਼ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ।


ਦੋ ਨੌਜਵਾਨਾਂ ਵੱਲੋਂ ਹਿਮਾਚਲ ਦੇ ਵੱਖ-ਵੱਖ ਖੇਤਰਾਂ 'ਚ ਘੁੰਮਣ ਇੱਕ ਟੈਕਸੀ ਬੂਕ ਕਰਵਾਈ ਗਈ ਸੀ


ਹਿਮਾਚਲ ਪੁਲਿਸ ਦੇ ਡੀਐਸਪੀ ਮਦਨ ਧੀਮਾਨ ਦੇ ਦੱਸਣ ਅਨੁਸਾਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਨੌਜਵਾਨਾਂ ਵੱਲੋਂ ਹਿਮਾਚਲ ਦੇ ਵੱਖ-ਵੱਖ ਖੇਤਰਾਂ 'ਚ ਘੁੰਮਣ ਦੇ ਲਈ ਇੱਕ ਟੈਕਸੀ ਕਿਰਾਏ ਉੱਤੇ ਲਈ ਗਈ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਹਰੀ ਕ੍ਰਿਸ਼ਨ ਨਾਂ ਦਾ ਟੈਕਸੀ ਡਰਾਈਵਰ ਮਨਾਲੀ ਤੋਂ ਆਪਣੀ ਟੈਕਸੀ ਲੈਕੇ ਇਹਨਾਂ ਨੌਜਵਾਨਾਂ ਨਾਲ ਗਿਆ ਸੀ। ਪਰ ਉਸਦਾ ਕੁਝ ਪਤਾ ਨਹੀਂ ਚੱਲ ਰਿਹਾ ਕੇ ਉਹ ਕਿੱਥੇ ਹੈ ਜਿਸ ਤੋਂ ਬਾਅਦ ਇਹ ਮਾਮਲਾ ਹਿਮਾਚਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ, ਲੁਧਿਆਣਾ ਦੇ ਨੌਜਵਾਨਾਂ ਵੱਲੋਂ ਟਰੈਵਲ ਏਜੰਟ ਦੇ ਰਾਹੀਂ ਇਹ ਟੈਕਸੀ ਬੁੱਕ ਕੀਤੀ ਗਈ ਸੀ ਅਤੇ ਇਸੇ ਤਰ੍ਹਾਂ ਇੱਕ ਹੋਟਲ ਬੁੱਕ ਕੀਤਾ ਗਿਆ ਸੀ। ਜਿੱਥੋਂ ਇਹਨਾਂ ਨੌਜਵਾਨਾਂ ਦੀ ਪਛਾਣ ਹੋ ਸਕੀ। ਜਿਸ ਤੋਂ ਬਾਅਦ ਪੁਲਿਸ ਨੇ ਬਾਰੀਕੀ ਦੇ ਨਾਲ ਮਾਮਲੇ ਦੀ ਜਾਂਚ ਕਰਦੇ ਹੋਏ ਇਹਨਾਂ ਨੌਜਵਾਨਾਂ ਤੱਕ ਪਹੁੰਚੀ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵੱਲੋਂ ਮਨਾਲੀ ਤੋਂ ਵਾਪਸ ਆਉਂਦਿਆਂ ਇਸ ਟੈਕਸੀ ਡਰਾਈਵਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਉਸ ਦੀ ਲਾਸ਼ ਨੂੰ ਪਹਿਲਾਂ ਬਿਲਾਸਪੁਰ ਤੋਂ ਸ਼ਿਮਲਾ ਰੋਡ 'ਤੇ ਟਿਕਾਣੇ ਲਗਾਉਣ ਬਾਰੇ ਸੋਚਿਆ ਗਿਆ ਪਰੰਤੂ ਕੋਈ ਸਹੀ ਜਗ੍ਹਾ ਨਾ ਮਿਲਣ ਦੇ ਚੱਲਦਿਆਂ ਇਹ ਵਾਪਸ ਥੱਲੇ ਵਾਲੇ ਪਾਸੇ ਆਏ ਅਤੇ ਇਹਨਾਂ ਵੱਲੋਂ ਕੀਰਤਪੁਰ ਸਾਹਿਬ ਵਿਖੇ ਨਹਿਰ ਦੇ ਵਿੱਚ ਟੈਕਸੀ ਡਰਾਈਵਰ ਦੀ ਲਾਸ਼ ਨੂੰ ਸੁੱਟਿਆ ਗਿਆ। ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਵਿਗਿਆਨਿਕ ਢੰਗ ਨਾਲ ਜਾਂਚ ਕਰਨ ਤੋਂ ਬਾਅਦ ਇਹ ਕਥਿਤ ਦੋਸ਼ੀ ਫੜੇ ਗਏ ਹਨ ਅਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਹੁਣ ਕੀਰਤਪੁਰ ਸਾਹਿਬ ਦੀ ਨਹਿਰ ਵਿੱਚੋਂ ਟੈਕਸੀ ਡਰਾਈਵਰ ਦੀ ਮ੍ਰਿਤਕ ਦੇਹ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ। 


ਗੌਰਤਲਬ ਕਿ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਵਿਚ ਪੰਜਾਬ ਦੇ ਟੈਕਸੀ ਡਰਾਈਵਰਾਂ ਨੂੰ ਕੁੱਟੇ ਜਾਣ ਦੇ ਮਾਮਲੇ ਸੁਰਖੀਆਂ ਦੇ ਵਿੱਚ ਰਹੇ ਹਨ। ਪਰ ਇਹ ਇੱਕ ਅਲੱਗ ਕਿਸਮ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਦੇ ਨੌਜਵਾਨਾਂ ਵੱਲੋਂ ਇੱਕ ਟੈਕਸੀ ਹਿਮਾਚਲ ਵਿੱਚ ਬੁੱਕ ਕੀਤੀ ਗਈ ਅਤੇ ਉਸ ਤੋਂ ਬਾਅਦ ਉਸ ਟੈਕਸੀ ਚਾਲਕ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਉਸਦੀ ਲਾਸ਼ ਨੂੰ ਪੰਜਾਬ ਵਿੱਚ ਨਹਿਰ ਦੇ ਵਿੱਚ ਸੁੱਟਿਆ ਗਿਆ। ਹੁਣ ਹਿਮਾਚਲ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਛਾਣਬੀਣ ਕਰ ਰਹੀ ਤੇ ਮ੍ਰਿਤਕ ਟੈਕਸੀ ਡਰਾਈਵਰ ਦੀ ਲਾਸ਼ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ । ਉਧਰ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਥਿਤ ਦੋਸ਼ੀ ਨੌਜਵਾਨਾ ਨੂੰ ਫੜਨ ਦੇ ਲਈ ਲੁਧਿਆਣਾ ਪੁਲਿਸ ਵੱਲੋਂ ਉਹਨਾਂ ਨੂੰ ਪੂਰਨ ਰੂਪ ਵਿੱਚ ਸਹਿਯੋਗ ਦਿੱਤਾ ਗਿਆ।