ਮਨੀਲਾ: ਇੱਕ ਏਅਰ ਹੋਸਟੇਸ ਦੇ ਗੈਂਗ ਰੇਪ ਤੇ ਕਤਲ ਮਾਮਲੇ ਨੇ ਹੁਣ ਨਵਾਂ ਹੀ ਮੋੜ ਲੈ ਲਿਆ ਹੈ। ਮਨੀਲਾ (ਫਿਲੀਪੀਨਜ਼) ਦੇ ਪੁਲਿਸ ਮੁਖੀ ਨੂੰ ਕ੍ਰਿਸਟੀਨ ਦਾਸੇਰਾ ਨਾਮੀ ਏਅਰ ਹੋਸਟੈੱਸ ਨਾਲ ਹੋਏ ਬਲਾਤਕਾਰ-ਕਤਲ ਦੇ ਸ਼ੱਕੀ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਾ ਸੰਭਾਲਣ ਕਾਰਨ ਹਟਾ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਸੀ ਕਿ ਕ੍ਰਿਸਟੀਨ ਦੀ ਰੇਪ ਮਗਰੋਂ ਹੱਤਿਆ ਹੋਈ ਸੀ ਪਰ ਬਾਅਦ ਵਿੱਚ ਪੋਸਟਮਾਰਟਮ ਰਿਪੋਰਟ ਨੇ ਕੁਝ ਹੋਰ ਹੀ ਬਿਆਨ ਕੀਤਾ।
23 ਸਾਲਾ ਕ੍ਰਿਸਟੀਨ ਦਾਸੇਰਾ ਨਵੇਂ ਸਾਲ ਦੇ ਦਿਨ ਫਿਲੀਪੀਨਜ਼ ਦੇ ਮਕਾਤੀ ਦੇ ਗਾਰਡਨ ਸਿਟੀ ਗ੍ਰੈਂਡ ਹੋਟਲ ਵਿੱਚ ਇੱਕ ਬਾਥਟਬ ਵਿੱਚ ਮ੍ਰਿਤਕ ਮਿਲੀ ਸੀ। ਪੁਲਿਸ ਜਾਂਚ ਤੋਂ ਬਾਅਦ ਉਸ ਦੀ ਬਾਂਹ ਤੇ ਲੱਤਾਂ ਤੇ ਉਸ ਦੇ ਸਰੀਰ 'ਤੇ ਸ਼ੁਕਰਾਣੂ ਦੇ ਨਿਸ਼ਾਨ ਪਾਏ ਜਾਣ 'ਤੇ 11 ਵਿਅਕਤੀਆਂ 'ਤੇ ਬਲਾਤਕਾਰ ਤੇ ਕਤਲ ਦੇ ਦੋਸ਼ ਲਾਏ ਗਏ ਸੀ।
ਇਹ ਦੋਸ਼ ਸਰਕਾਰੀ ਵਕੀਲਾਂ ਨੇ ਖਾਰਿਜ ਕਰ ਦਿੱਤੇ ਜਿਨ੍ਹਾਂ ਨੇ ਕਿਹਾ ਕਿ ਪੋਸਟਮਾਰਟਮ ਸਮੇਤ ਹੋਰ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਕ੍ਰਿਸਟੀਨ ਦਾਸੇਰਾ ਦੀ ਮੌਤ ਦਿਮਾਗ ਦੇ ਐਨਿਉਰਿਜ਼ਮ (aneurysm) ਤੋਂ ਹੋਈ ਹੈ। ਜਦਕਿ ਮ੍ਰਿਤਕ ਦੀ ਮਾਂ ਨੇ ਪੋਸਟਮਾਰਟਮ ਦੇ ਨਤੀਜੇ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਸ ਦੀ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਕਾਤਲਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਪੁਲਿਸ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਕਿ ਇਹ ਇੱਕ ਸਮੂਹਿਕ ਜਬਰ ਜਨਾਹ ਦਾ ਕੇਸ ਹੈ ਪਰ ਹੁਣ ਪੁਲਿਸ ਇਹ ਸਵੀਕਾਰ ਕਰਨ ਤੋਂ ਬਾਅਦ ਪੈਰ ਪਿਛਾਂ ਕਰ ਰਹੀ ਹੈ ਕਿ ਉਨ੍ਹਾਂ ਨੇ ਬਿਨ੍ਹਾਂ ਪੋਸਟਮਾਰਟਮ ਰਿਪੋਰਟ ਦੇ ਦਾਅਵਾ ਕੀਤਾ ਸੀ। ਰਿਪੋਰਟਾਂ ਅਨੁਸਾਰ ਦਰਅਸਲ, ਲਾਸ਼ ਨੂੰ ਪਹਿਲਾਂ ਹੀ ਦਫ਼ਨਾਉਣ ਲਈ ਤਿਆਰ ਕਰ ਦਿੱਤਾ ਗਿਆ ਸੀ। ਹੁਣ ਇਹ ਖੁਲਾਸਾ ਹੋਇਆ ਹੈ ਕਿ ਸਾਰੇ ਮੁਲਜ਼ਮਾਂ ਨੇ ਇਹ ਕਿਹਾ ਹੈ ਕਿ ਉਹ ਸਮਲਿੰਗੀ (Gay) ਹਨ।