Crime News: ਗੈਂਗਸਟਰ ਅਨਮੋਲ ਬਿਸ਼ਨੋਈ (Anmol Bishnoi) ਹਾਲ ਹੀ ਵਿੱਚ ਅਮਰੀਕਾ ਵਿੱਚ ਫੜਿਆ ਗਿਆ ਹੈ ਤੇ ਉਸਨੂੰ ਪੋਟਾਵਾਟਾਮੀ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਅਨਮੋਲ ਬਿਸ਼ਨੋਈ ਦੀ ਅਮਰੀਕਾ 'ਚ ਗ੍ਰਿਫਤਾਰੀ ਇੱਕ ਯੋਜਨਾ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਉਸ ਨੇ ਭਾਰਤ ਸਰਕਾਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਗ੍ਰਿਫਤਾਰੀ ਦੀਆਂ ਚਾਲਾਂ ਦਾ ਸਹਾਰਾ ਲਿਆ ਹੈ। ਸੂਤਰਾਂ ਮੁਤਾਬਕ ਅਨਮੋਲ ਨੇ ਆਪਣੇ ਵਕੀਲ ਰਾਹੀਂ ਅਮਰੀਕਾ 'ਚ ਸ਼ਰਣ ਮੰਗੀ ਹੈ। ਗ੍ਰਿਫਤਾਰੀ ਤੋਂ ਪਹਿਲਾਂ ਹੀ ਅਨਮੋਲ ਨੇ ਅਮਰੀਕਾ 'ਚ ਸ਼ਰਣ ਲਈ ਅਰਜ਼ੀ ਦਿੱਤੀ ਸੀ। ਉਸ ਨੇ ਅਜਿਹਾ ਭਾਰਤ ਲਿਆਉਣ ਤੋਂ ਬਚਣ ਲਈ ਕੀਤਾ ਹੈ। ਅਨਮੋਲ ਬਿਸ਼ਨੋਈ ਲੰਬੇ ਸਮੇਂ ਤੋਂ ਇਸ ਦੀ ਯੋਜਨਾ ਬਣਾ ਰਿਹਾ ਸੀ।
ਤੁਹਾਨੂੰ ਦੱਸ ਦੇਈਏ ਕਿ ਅਨਮੋਲ ਬਿਸ਼ਨੋਈ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਫੜਿਆ ਗਿਆ ਸੀ। ਖੁਫੀਆ ਸੂਤਰਾਂ ਮੁਤਾਬਕ ਅਨਮੋਲ ਨੂੰ ਗ਼ੈਰ-ਕਾਨੂੰਨੀ ਦਸਤਾਵੇਜ਼ਾਂ ਨਾਲ ਅਮਰੀਕਾ 'ਚ ਦਾਖ਼ਲ ਹੋਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਭਾਰਤ ਸਰਕਾਰ ਨੇ ਅਮਰੀਕੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਦਿੱਤੀ ਹੋਈ ਸੀ। ਇਸ ਤੋਂ ਬਾਅਦ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ICE) ਵਿਭਾਗ ਨੇ ਅਨਮੋਲ ਨੂੰ ਹਿਰਾਸਤ ਵਿੱਚ ਲਿਆ।
ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਅਤੇ ਅਭਿਨੇਤਾ ਸਲਮਾਨ ਖ਼ਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ 'ਚ ਲੋੜੀਂਦਾ ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ। ਅਨਮੋਲ ਬਿਸ਼ਨੋਈ ਦਾ ਨਾਂਅ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਆਇਆ ਸੀ।
ਅਨਮੋਲ ਦੇ ਕੇਸ ਵਿੱਚ ਹੁਣ ਤੱਕ ਕੀ ਕੁਝ ਹੋਇਆ ?
ਮੰਨਿਆ ਜਾਂਦਾ ਹੈ ਕਿ ਅਨਮੋਲ ਕੈਨੇਡਾ ਵਿੱਚ ਰਹਿੰਦਾ ਹੈ।
ਨਿਯਮਿਤ ਤੌਰ 'ਤੇ ਅਮਰੀਕਾ ਦੀ ਯਾਤਰਾ ਕਰਦਾ ਹੈ।
ਅਨਮੋਲ ਕਈ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਵੀ ਨਾਮ ਆਇਆ ਸੀ
ਮੁੰਬਈ ਪੁਲਿਸ ਨੇ ਅਨਮੋਲ ਦੀ ਹਵਾਲਗੀ ਨੂੰ ਲੈ ਕੇ ਕੇਂਦਰ ਨੂੰ ਪ੍ਰਸਤਾਵ ਭੇਜਿਆ ਸੀ।
NIA ਨੇ ਅਨਮੋਲ ਬਿਸ਼ਨੋਈ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਕਾਨੂੰਨੀ ਮਾਧਿਅਮ ਰਾਹੀਂ ਸ਼ਰਣ ਲਈ ਅਰਜ਼ੀ ਦੇਣ ਕਾਰਨ ਭਾਰਤੀ ਏਜੰਸੀਆਂ ਨੂੰ ਉਸ ਦੀ ਹਵਾਲਗੀ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਸੂਤਰਾਂ ਨੇ ਦੱਸਿਆ ਕਿ ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਅਨਮੋਲ ਬਿਸ਼ਨੋਈ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਰਾਹੀਂ ਸ਼ਰਣ ਲਈ ਅਰਜ਼ੀ ਦਿੱਤੀ ਸੀ। ਭਾਰਤ ਨੇ ਕਈ ਹਾਈ-ਪ੍ਰੋਫਾਈਲ ਅਪਰਾਧਾਂ ਵਿਚ ਕਥਿਤ ਤੌਰ 'ਤੇ ਸ਼ਾਮਲ ਹੋਣ ਕਾਰਨ ਅਨਮੋਲ ਦੀ ਹਵਾਲਗੀ ਦੀ ਮੰਗ ਕੀਤੀ ਹੈ ਪਰ ਸ਼ਰਣ ਦੀ ਕਾਰਵਾਈ ਕਾਰਨ ਉਸ ਦੀ ਭਾਰਤ ਹਵਾਲਗੀ ਦੀਆਂ ਸੰਭਾਵਨਾਵਾਂ ਘਟ ਗਈਆਂ ਹਨ।