Ration Card: ਦੇਸ਼ ਵਿੱਚ ਕੇਂਦਰ ਸਰਕਾਰ ਇਸ ਵੇਲੇ 20.4 ਕਰੋੜ ਰਾਸ਼ਨ ਕਾਰਡਾਂ (Ration Card) ਰਾਹੀਂ 80 ਕਰੋੜ 60 ਲੱਖ ਲੋਕਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ। ਇਨ੍ਹਾਂ ਵਿੱਚੋਂ 99.80 ਫੀਸਦੀ ਰਾਸ਼ਨ ਕਾਰਡਾਂ ਨੂੰ ਆਧਾਰ ਨਾਲ ਲਿੰਕ ਕੀਤਾ ਗਿਆ ਹੈ। ਦੇਸ਼ ਭਰ ਵਿੱਚ 5.33 ਲੱਖ ਈ-ਪੀਓਐਸ (Electronic Point of Sale) ਉਪਕਰਨਾਂ ਰਾਹੀਂ ਵਾਜਬ ਮੁੱਲ ਦੀਆਂ ਦੁਕਾਨਾਂ ਤੋਂ ਅਨਾਜ ਵੰਡਿਆ ਜਾ ਰਿਹਾ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸਾਰੇ 20.4 ਕਰੋੜ ਘਰੇਲੂ ਰਾਸ਼ਨ ਕਾਰਡਾਂ ਦੀ ਸਮੁੱਚੀ ਵੰਡ ਪ੍ਰਕਿਰਿਆ ਦਾ ਕੰਪਿਊਟਰੀਕਰਨ ਕਰ ਦਿੱਤਾ ਹੈ।
ਦੇਸ਼ ਵਿੱਚ ਲਗਭਗ ਸਾਰੀਆਂ ਵਾਜਬ ਕੀਮਤ ਵਾਲੀਆਂ ਦੁਕਾਨਾਂ ਤੋਂ ਅਨਾਜ ਦੀ ਵੰਡ ਕੀਤੀ ਜਾਂਦੀ ਹੈ। ਲਾਭਪਾਤਰੀ ਦੇ ਆਧਾਰ ਦੀ ਪ੍ਰਮਾਣਿਕਤਾ ਵੰਡ ਪ੍ਰਕਿਰਿਆ ਦੌਰਾਨ ਈ-ਪੀਓਐਸ ਯੰਤਰ ਰਾਹੀਂ ਕੀਤੀ ਜਾਂਦੀ ਹੈ, ਜਿਸ ਨਾਲ ਸਹੀ ਲਾਭਪਾਤਰੀਆਂ ਤੱਕ ਰਾਸ਼ਨ ਪਹੁੰਚਾਉਣਾ ਸੰਭਵ ਹੋ ਜਾਂਦਾ ਹੈ। ਆਧਾਰ ਪ੍ਰਮਾਣਿਕਤਾ ਵਰਤਮਾਨ ਵਿੱਚ ਕੁੱਲ ਅਨਾਜ ਦੀ ਲਗਭਗ 98 ਫੀਸਦੀ ਵੰਡ ਲਈ ਵਰਤੀ ਜਾ ਰਹੀ ਹੈ, ਜਿਸ ਕਾਰਨ ਅਯੋਗ ਲਾਭਪਾਤਰੀਆਂ ਨੂੰ ਹਟਾ ਕੇ ਹੇਰਾਫੇਰੀ ਦੀ ਸੰਭਾਵਨਾ ਘੱਟ ਗਈ ਹੈ। ਰਾਸ਼ਨ ਕਾਰਡ ਦੇ ਡਿਜੀਟਾਈਜ਼ੇਸ਼ਨ ਕਾਰਨ ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਵਿੱਚ ਵੱਡਾ ਬਦਲਾਅ ਆਇਆ ਹੈ।
ਆਧਾਰ ਅਤੇ ਈਕੇਵਾਈਸੀ (ਆਪਣੇ ਗਾਹਕਾਂ ਨੂੰ ਜਾਣੋ) ਸਿਸਟਮ ਰਾਹੀਂ ਵੈਰੀਫਿਕੇਸ਼ਨ ਤੋਂ ਬਾਅਦ 5 ਕਰੋੜ 80 ਲੱਖ ਤੋਂ ਵੱਧ ਰਾਸ਼ਨ ਕਾਰਡ ਫਰਜ਼ੀ ਪਾਏ ਗਏ ਹਨ, ਜਿਨ੍ਹਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਸ ਨਾਲ ਵੰਡ ਪ੍ਰਣਾਲੀ ਵਿੱਚ ਹੇਰਾਫੇਰੀ ਕਾਫੀ ਹੱਦ ਤੱਕ ਘਟੀ ਹੈ ਅਤੇ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਵਿੱਚ ਵੀ ਮਦਦ ਮਿਲੀ ਹੈ। ਰਾਸ਼ਨ ਕਾਰਡਾਂ ਦੇ ਡਿਜੀਟਾਈਜ਼ੇਸ਼ਨ ਅਤੇ ਉਨ੍ਹਾਂ ਨੂੰ ਆਧਾਰ ਨਾਲ ਲਿੰਕ ਕਰਨ ਨਾਲ ਡੁਪਲੀਕੇਸ਼ਨ ਦੀ ਸੰਭਾਵਨਾ ਖਤਮ ਹੋ ਗਈ ਹੈ।
ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਪਹਿਲਕਦਮੀ ਨਾਲ, ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਸਾਰੇ 80.6 ਕਰੋੜ ਲਾਭਪਾਤਰੀ ਉਸੇ ਮੌਜੂਦਾ ਰਾਸ਼ਨ ਕਾਰਡ ਰਾਹੀਂ ਮੁਫਤ ਅਨਾਜ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦਾ ਰਾਸ਼ਨ ਕਾਰਡ ਭਾਵੇਂ ਕਿਸੇ ਵੀ ਰਾਜ ਜਾਂ ਜ਼ਿਲ੍ਹੇ ਦਾ ਹੋਵੇ। ਆਧਾਰ ਨਾਲ ਲਿੰਕ ਹੋਣ ਕਾਰਨ ਪਾਰਦਰਸ਼ੀ ਵਿਵਸਥਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।