Crime News: ਟਾਇਲਟ ਸੀਟ ਦੇ ਸਾਹਮਣੇ ਕਲੀਨਰ ਦੀ ਬੋਤਲ 'ਚ ਮੋਬਾਇਲ ਕੈਮਰਾ ਰੱਖ ਕੇ ਟਾਇਲਟ 'ਚ ਆਉਣ ਵਾਲੀਆਂ ਕੁੜੀਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿੰਜੌਰ ਥਾਣੇ 'ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਮੁਤਾਬਕ 25 ਸਾਲਾ ਕੁੜੀ ਨੇ ਸ਼ਿਕਾਇਤ 'ਚ ਦੱਸਿਆ ਕਿ ਉਹ ਅਤੇ ਉਸ ਦੀ ਸਹੇਲੀ ਸਣੇ ਚਾਰ ਕੁੜੀਆਂ ਦਫਤਰ 'ਚ ਕੰਮ ਕਰਦੀਆਂ ਹਨ। ਦਫ਼ਤਰ ਦੇ ਮਾਲਕ ਨੇ ਉਨ੍ਹਾਂ ਨੂੰ ਸਾਹਮਣੇ ਵਾਲੀ ਦੁਕਾਨ ਦਾ ਟਾਇਲਟ ਵਰਤਣ ਲਈ ਕਿਹਾ ਸੀ। ਜਦੋਂ ਪੀੜਤਾ ਆਪਣੀ ਸਹੇਲੀਆਂ ਨਾਲ ਟਾਇਲਟ ਗਈ ਤਾਂ ਉਨ੍ਹਾਂ ਨੇ ਉੱਥੇ ਹਾਰਪਿਕ ਦੀ ਬੋਤਲ ਦੇਖੀ। ਜਦੋਂ ਕੁੜੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬੋਤਲ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਵਿਚ ਸੁਰਾਖ ਸੀ।
ਜਦੋਂ ਕੁੜੀਆਂ ਨੇ ਗੌਰ ਨਾਲ ਦੇਖਿਆ ਤਾਂ ਬੋਤਲ ਦੇ ਅੰਦਰ ਇੱਕ ਮੋਬਾਈਲ ਫ਼ੋਨ ਰੱਖਿਆ ਹੋਇਆ ਸੀ ਅਤੇ ਉਸ ਵਿੱਚ ਵੀਡੀਓ ਰਿਕਾਰਡਿੰਗ ਚੱਲ ਰਹੀ ਸੀ। ਜਦੋਂ ਪੀੜਤਾ ਮੋਬਾਈਲ ਲੈ ਕੇ ਆਪਣੇ ਬੌਸ ਕੋਲ ਪਹੁੰਚੀ ਤਾਂ ਬੌਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਥਾਂ ਉਸ ਨੂੰ ਝਿੜਕਿਆ ਅਤੇ ਮੋਬਾਈਲ ਦੀ ਵੀਡੀਓ ਰਿਕਾਰਡਿੰਗ ਡਿਲੀਟ ਕਰ ਦਿੱਤੀ। ਇੱਥੋਂ ਤੱਕ ਕਿ ਪੀੜਤਾ ਨੇ ਜਿਹੜੀ ਟਾਇਲਟ ਵਿੱਚ ਰੱਖੇ ਕਲੀਨਰ ਦੀ ਫੋਟੋ ਲਈ ਸੀ ਉਹ ਵੀ ਡਿਲੀਟ ਕਰ ਦਿੱਤੀ ਗਈ।
ਦਫਤਰ ਦੇ ਸੰਚਾਲਕ ਨੇ ਪੀੜਤਾ ਨੂੰ ਧਮਕਾਉਂਦਿਆਂ ਹੋਇਆਂ ਕਿਹਾ ਕਿ ਉਹ ਕਿਸੇ ਨਾਲ ਇਸ ਦਾ ਜ਼ਿਕਰ ਨਾ ਕਰੇ। ਇਸ ਤੋਂ ਬਾਅਦ ਪੀੜਤਾ ਨੇ ਆਪਣੇ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪਰਿਵਾਰ ਨੇ ਪੂਰੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਥਾਣਾ ਪਿੰਜੌਰ ਪਹੁੰਚ ਕੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ।
ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਮੋਬਾਈਲ ਵੀ ਖੋਹ ਲਿਆ ਜਿਸ ਰਾਹੀਂ ਵੀਡੀਓ ਬਣਾਈ ਜਾ ਰਹੀ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਕੁੜੀਆਂ ਦੀਆਂ ਕਿੰਨੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਹਨ।