ਜਲੰਧਰ: ਅੱਜਕੱਲ੍ਹ ਡੇਟਿੰਗ ਐਪਸ ਤੇ ਲੋਕਾਂ ਦਾ ਮੇਲਜੋਲ ਕਾਫੀ ਵਧ ਰਿਹਾ ਹੈ। ਅਕਸਰ ਬਹੁਤ ਸਾਰੇ ਲੋਕ ਪਾਰਟਨਰ ਦੀ ਤਲਾਸ਼ ਲਈ ਇਨ੍ਹਾਂ ਡੇਟਿੰਗ ਐਪਸ ਦਾ ਸਹਾਰਾ ਲੈ ਰਹੇ ਹਨ ਪਰ ਇਹ ਐਪਸ ਰਾਹੀਂ ਬਹੁਤ ਸਾਰੇ ਲੋਕ ਠੱਗੀ ਤੇ ਧੋਖਾਧੜੀ ਦਾ ਸ਼ਿਕਾਰ ਵੀ ਹੋ ਰਹੇ ਹਨ। ਜਲੰਧਰ ਸ਼ਹਿਰ ਵਿੱਚ ਪਿਛਲੇ ਇੱਕ ਸਾਲ ਦੌਰਾਨ 19 ਮਾਮਲੇ ਸਾਹਮਣੇ ਆਏ ਹਨ ਜਿੱਥੇ ਡੇਟਿੰਗ ਐਪ ਰਾਹੀਂ ਲੋਕਾਂ ਨਾਲ ਧੋਖਾਧੜੀ ਹੋਈ ਹੋਵੇ।

ਇਸ ਵਿੱਚ ਲੜਕੀਆਂ ਵੀਡੀਓ ਕਾਲ ਕਰਕੇ 'ਬੇਬੀ ਕਿਵੇਂ ਹੋ' ਵਰਗੀਆਂ ਗੱਲਾਂ ਕਹਿ ਕੇ ਸ਼ੁਰੂਆਤ ਕਰਦੀਆਂ ਹਨ ਤੇ ਇੱਕ ਲੰਮੀ ਗੱਲਬਾਤ ਦੌਰਾਨ ਲੋਕਾਂ ਦੇ ਕੱਪੜੇ ਤਕ ਉਤਰਵਾ ਦਿੰਦੀਆਂ ਹਨ। ਆਮ ਆਦਮੀ ਨਹੀਂ ਪੁਲਿਸ ਵਾਲੇ ਤੇ ਵਕੀਲ ਵੀ ਅਜਿਹੇ ਮਾਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਸਾਈਬਰ ਕ੍ਰਾਈਮ ਕੋਲ 9 ਐਸੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਤਾਂ ਕਿ ਅਸ਼ਲੀਲ ਵੀਡੀਓ ਬਣਾ ਕੇ ਠੱਗੀਆਂ ਮਾਰਨ ਵਾਲੀਆਂ ਲੜਕੀਆਂ ਨੂੰ ਕਾਬੂ ਕੀਤਾ ਜਾ ਸਕੇ।

ਠੱਗੀ ਦੇ ਸ਼ਿਕਾਰ 40 ਤੋਂ 65 ਸਾਲ ਦੀ ਉਮਰ ਦੇ ਲੋਕ ਹੀ ਹੋਏ ਹਨ। ਡੇਟਿੰਗ ਐਪ ਨਾਲ ਸ਼ੁਰੂ ਹੋਈ ਧੋਖਾਧੜੀ ਦੇ ਸ਼ਿਕਾਰ ਇੱਕ ਵਿਅਕਤੀ ਨੇ ਮੀਡੀਆ ਸਾਹਮਣੇ ਆਪਣੀ ਕਹਾਣੀ ਦੱਸੀ। ਵਿਅਕਤੀ ਨੇ ਕਿਹਾ ਕਿ ਉਸ ਨੇ ਡੇਟਿੰਗ ਐਪ ਰਾਹੀਂ ਇੱਕ ਲੜਕੀ ਨਾਲ ਗੱਲ ਕਰਨੀ ਸ਼ੁਰੂ ਕੀਤੀ। ਹੌਲੀ-ਹੌਲੀ ਉਹ ਉਸ ਦੀ ਨਿਜੀ ਜ਼ਿੰਦਗੀ ਦਾ ਹਿੱਸਾ ਬਣ ਗਈ। ਲੜਕੀ ਨੇ ਆਪਣਾ ਨੰਬਰ ਦੇ ਕੇ ਵੀਡੀਓ ਕਾਲ ਸ਼ੁਰੂ ਕਰ ਲਈ। ਸੱਤ ਦਿਨਾਂ ਦੀ ਦੋਸਤੀ ਵਿੱਚ, ਉਨ੍ਹਾਂ ਨੇ ਇੱਕ-ਦੂਜੇ ਨਾਲ ਸਭ ਕੁਝ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਮਗਰੋਂ ਲੜਕੀ ਨੇ ਲੜਕੇ ਨੂੰ ਐਸਾ ਫਸਾਇਆ ਕਿ ਉਸ ਨੇ ਉਸ ਨੂੰ ਆਪਣੇ ਸਾਰੇ ਕੱਪੜੇ ਉਤਾਰਨ ਲਈ ਕਿਹਾ ਪਰ ਲੜਕਾ ਉਦੋਂ ਹੈਰਾਨ ਹੋ ਗਿਆ ਜਦੋਂ ਲੜਕੀ ਨੇ ਉਸ ਨੂੰ 2500 ਰੁਪਏ ਆਪਣੇ ਗੂਗਲ ਅਕਾਉਂਟ 'ਤੇ ਤੁਰੰਤ ਭੇਜਣ ਲਈ ਕਿਹਾ। ਕਾਰਨ ਪੁੱਛਣ 'ਤੇ ਪਤਾ ਲੱਗਿਆ ਕਿ ਲੜਕੀ ਨੇ ਉਸ ਦੀ ਨਿਊਡ ਵੀਡੀਓ ਬਣਾ ਲਈ ਹੈ। ਉਸ ਨੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਭੇਜੇ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦੇਵੇਗੀ। ਇਨ੍ਹਾਂ ਹੀ ਨਹੀਂ ਲੜਕੀ ਨੇ ਉਸ ਕੋਲੋਂ 25 ਹਜ਼ਾਰ ਰੁਪਏ ਹੋਰ ਠੱਗੇ ਤੇ ਫੇਰ ਜਦੋਂ ਹੋਰ ਪੈਸੇ ਦੀ ਮੰਗ ਕੀਤੀ ਤਾਂ ਲੜਕੇ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ।

ਇਸ ਤਰ੍ਹਾਂ ਦੇ ਕਰੀਬ 67 ਮਾਮਲਿਆਂ ਦੀ ਜਾਂਚ ਸਾਇਬਰ ਕ੍ਰਾਇਮ ਟ੍ਰੇਸ ਕਰਨ 'ਚ ਪੁਲਿਸ ਦੀ ਟੀਮ ਲੱਗੀ ਹੋਈ ਹੈ। ਪੜਤਾਲ ਤੋਂ ਪਤਾ ਲੱਗਿਆ ਹੈ ਕਿ ਕਾਲ ਕਰਨ ਲਈ ਵਰਤਿਆ ਜਾਣ ਵਾਲਾ ਸਰਵਰ ਚਾਈਨਾ ਟੈਲੀਕਾਮ ਦਾ ਸੀ। ਜ਼ਿਆਦਾਤਰ ਮਾਮਲਿਆਂ ਦੀ ਜਾਂਚ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਗਈ ਹੈ, ਤਾਂ ਜੋ ਸਰਕਾਰ ਆਪਣੇ ਪੱਧਰ 'ਤੇ ਜਾਂਚ ਕਰ ਸਕੇ ਤੇ ਪਤਾ ਲਾ ਸਕੇ ਕਿ ਫੋਨ ਕਰਨ ਵਾਲਾ ਕੌਣ ਸੀ।