ਫਿਲੌਰ: ਜਲੰਧਰ ਜ਼ਿਲ੍ਹੇ ਦੇ ਫਿਲੌਰ ਖੇਤਰ ਦੇ ਪਿੰਡ ਬਿਲਗਾ ਵਿੱਚ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਲੜਕੀ  ਬੋਲਣ ਤੇ ਸੁਣਨ ਤੋਂ ਅਸਮਰਥ ਹੈ। ਉਹ ਕੁਝ ਸਮਾਨ ਲੈਣ ਲਈ ਦੇਰ ਸ਼ਾਮ ਘਰੋਂ ਨਿਕਲੀ ਸੀ ਤੇ ਫਿਰ ਲਾਪਤਾ ਹੋ ਗਈ। ਲੜਕੀ ਦੀ ਲਾਸ਼ ਮੰਗਲਵਾਰ ਸਵੇਰੇ ਪਿੰਡ ਦੇ ਖੇਤਾਂ ਵਿੱਚੋਂ ਮਿਲੀ ਹੈ।

ਹਾਸਲ ਜਾਣਕਾਰੀ ਅਨੁਸਾਰ 13 ਸਾਲਾ ਲੜਕੀ ਬਿਲਗਾ ਪਿੰਡ ਦੀ ਵਸਨੀਕ ਸੀ। ਉਹ ਨਾ ਸੁਣ ਸਕਦੀ ਸੀ ਤੇ ਨਾ ਬੋਲ ਸਕਦੀ ਸੀ। ਉਹ ਛੇਵੀਂ ਜਮਾਤ ਦੀ ਇੱਕ ਵਿਦਿਆਰਥਣ ਸੀ। ਰਿਸ਼ਤੇਦਾਰਾਂ ਅਨੁਸਾਰ ਮ੍ਰਿਤਕ ਲੜਕੀ ਸ਼ਾਮ ਕਰੀਬ 7 ਵਜੇ ਸਾਮਾਨ ਲੈਣ ਲਈ ਨੇੜਲੀ ਦੁਕਾਨ 'ਤੇ ਗਈ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੀ। ਇਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਸਵੇਰੇ ਲੜਕੀ ਦੀ ਮ੍ਰਿਤਕ ਦੇਹ ਖੇਤਾਂ ਵਿੱਚੋਂ ਮਿਲੀ।

ਦੂਜੇ ਪਾਸੇ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ। ਮਾੜੀ ਹਾਲਤ ਵਿੱਚ ਮਿਲੀ ਲਾਸ਼ ਨੂੰ ਵੇਖਦੇ ਹੋਏ ਪੁਲਿਸ ਨੇ ਬਲਾਤਕਾਰ ਤੇ ਕਤਲ ਦਾ ਖੁਲਾਸਾ ਕਰਦੇ ਹੋਏ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਹਿਜ 5 ਘੰਟਿਆਂ ਦੇ ਅੰਦਰ ਕੇਸ ਦਾ ਖੁਲਾਸਾ ਕਰ ਦਿੱਤਾ। ਸਬ ਡਵੀਜ਼ਨ ਫਿਲੌਰ ਦੇ ਡੀਐਸਪੀ ਦਵਿੰਦਰ ਅਤਰੀ ਨੇ ਮੁਲਜ਼ਮ ਦੀ ਪਛਾਣ ਮਨੀ ਕੁਮਾਰ ਵਾਸੀ 26 ਸਾਲ ਪਿੰਡ ਤੱਲਣ ਵਜੋਂ ਦੱਸੀ ਹੈ।