ਨਵੀਂ ਦਿੱਲੀ : ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਇੱਕ ਇਮਾਰਤ ਡਿੱਗ ਗਈ ਹੈ। ਇਸ ਘਟਨਾ ਵਿੱਚ ਸਾਢੇ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ। ਦਿੱਲੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਪਹਾੜਗੰਜ ਖੇਤਰ ਵਿੱਚ ਖੰਨਾ ਮਾਰਕੀਟ ਅਤੇ ਵਿਵੇਕ ਹੋਟਲ ਦੇ ਕੋਲ ਰਾਤ 8:40 ਵਜੇ ਇੱਕ ਮਕਾਨ ਡਿੱਗਣ ਦੀ ਸੂਚਨਾ ਮਿਲੀ। ਹੁਣ ਤੱਕ ਮਲਬੇ ਵਿੱਚੋਂ ਇੱਕ ਸਾਢੇ ਤਿੰਨ ਸਾਲ ਦੇ ਬੱਚੇ, ਦੋ ਲੜਕੀਆਂ ਅਤੇ ਉਨ੍ਹਾਂ ਦੇ ਪਿਤਾ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿੱਚੋਂ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ।



ਇਸ ਘਟਨਾ ਵਿਚ ਮਾਰੇ ਗਏ ਬੱਚੇ ਦੀ ਪਛਾਣ ਅਮਜਦ ਵਜੋਂ ਹੋਈ ਹੈ। ਜਿਨ੍ਹਾਂ ਦੋ ਲੜਕੀਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਵਿੱਚੋਂ ਜ਼ਰੀਨ ਡੇਢ ਸਾਲ ਅਤੇ ਅਲੀਫਾ ਅੱਠ ਸਾਲ ਦੀ ਹੈ। ਮੁਹੰਮਦ ਜ਼ਹੀਰ, ਜਿਸ ਦੀ ਉਮਰ 52 ਸਾਲ ਹੈ, ਨੂੰ ਵੀ ਬਚਾਇਆ ਗਿਆ ਹੈ। ਇਹ ਸਾਰੇ ਕਲਾਵਤੀ ਹਸਪਤਾਲ ਵਿੱਚ ਹਨ।

ਡਿਵੀਜ਼ਨਲ ਵਾਰਡਨ ਪਹਾੜਗੰਜ, ਸਿਵਲ ਡਿਫੈਂਸ ਸੁਰੇਸ਼ ਮਲਿਕ ਨੇ ਦੱਸਿਆ ਕਿ ਅਸੀਂ ਬਚਾਅ ਕਾਰਜ ਨੂੰ ਅੰਜਾਮ ਦੇਣ ਵਾਲੀਆਂ ਏਜੰਸੀਆਂ ਦੀ ਮਦਦ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਅਸੀਂ ਆਪਣੇ ਵਲੰਟੀਅਰਾਂ ਸਮੇਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਅਸੀਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਮਦਦ ਲੈ ਰਹੇ ਹਾਂ। ਅੰਦਰ ਦੱਬੇ ਹੋਏ ਲੋਕਾਂ ਨੂੰ ਅਸੀਂ ਬਾਹਰ ਕੱਢ ਲਿਆ ਹੈ। ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਸੱਤ ਫਾਇਰ ਟੈਂਡਰ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਦਿੱਲੀ ਦੇ ਸੱਤਿਆ ਨਿਕੇਤਨ ਵਿੱਚ ਇੱਕ ਇਮਾਰਤ ਡਿੱਗ ਗਈ ਸੀ। ਇਸ ਹਾਦਸੇ ਦੇ ਮਲਬੇ ਹੇਠੋਂ ਸੱਤ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਕਰੀਬ 1 ਮਹੀਨੇ ਤੋਂ ਘਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਫਰਵਰੀ ਦੇ ਮਹੀਨੇ ਦਿੱਲੀ ਦੀ ਜੇਜੇ ਕਲੋਨੀ ਵਿੱਚ ਇੱਕ ਇਮਾਰਤ ਡਿੱਗ ਗਈ ਸੀ। ਇਸ ਘਟਨਾ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।