Delhi Raod Accident : ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਵਾਹਨ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ ਹੈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ 6 ਲੋਕ ਫੁੱਟਪਾਥ 'ਤੇ ਸੁੱਤੇ ਪਏ ਸਨ। ਹੁਣ ਤੱਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਇਸ ਹਾਦਸੇ ਨੂੰ ਅੰਜ਼ਾਮ ਦੇਣ ਵਾਲਾ ਵਾਹਨ ਇੱਕ ਟਰੱਕ ਸੀ। ਇਹ ਹਾਦਸਾ ਨਿਸਾਰੀਆ ਮਸਜਿਦ ਨੇੜੇ 70 ਫੁੱਟਾ ਰੋਡ 'ਤੇ ਵਾਪਰਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



ਦਿੱਲੀ ਪੁਲਸ ਮੁਤਾਬਕ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਚੌਥੇ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਮੁਤਾਬਕ ਚਾਰੋਂ ਦਿੱਲੀ ਦੇ ਸੀਮਾਪੁਰੀ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚ ਨਿਊ ਸੀਮਾਪੁਰੀ ਵਾਸੀ 52 ਸਾਲਾ ਕਰੀਮ, 25 ਸਾਲਾ ਛੋਟੇ ਖਾਨ, 38 ਸਾਲਾ ਸ਼ਾਹ ਆਲਮ, ਸਾਹਿਬਾਬਾਦ ਵਾਸੀ 45 ਸਾਲਾ ਰਾਹੁਲ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਖ਼ਮੀਆਂ ਵਿੱਚ ਸਾਹਿਬਾਬਾਦ ਦਾ ਰਹਿਣ ਵਾਲਾ 16 ਸਾਲਾ ਮਨੀਸ਼ ਅਤੇ ਤਾਹਿਰਪੁਰ ਦਿੱਲੀ ਦਾ 30 ਸਾਲਾ ਪ੍ਰਦੀਪ ਸ਼ਾਮਲ ਹੈ। ਘਟਨਾ 'ਚ ਸ਼ਾਮਲ ਵਾਹਨ ਦਾ ਪਤਾ ਲਗਾਉਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ।

 ਡੀਐਲਐਫ ਟੀ ਪੁਆਇੰਟ ਵੱਲ ਜਾ ਰਿਹਾ ਸੀ ਟਰੱਕ 

ਇਸ ਮਾਮਲੇ ਵਿੱਚ ਪੁਲਿਸ ਨੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਤ 2 ਵਜੇ ਦੇ ਕਰੀਬ ਇੱਕ ਅਣਪਛਾਤਾ ਟਰੱਕ ਡੀਟੀਸੀ ਡਿਪੂ ਦੀ ਲਾਲ ਬੱਤੀ ਨੂੰ ਪਾਰ ਕਰਕੇ ਡੀਐਲਐਫ ਟੀ ਪੁਆਇੰਟ ਵੱਲ ਜਾ ਰਿਹਾ ਸੀ। ਡਰਾਈਵਰ ਨੇ ਲਾਪਰਵਾਹੀ ਨਾਲ ਸੜਕ ਦੇ ਡਿਵਾਈਡਰ 'ਤੇ ਸੁੱਤੇ ਪਏ 6 ਲੋਕਾਂ ਨੂੰ ਕੁਚਲ ਦਿੱਤਾ। ਇਨ੍ਹਾਂ ਵਿੱਚੋਂ ਚਾਰ ਨੂੰ ਸੀਮਾਪੁਰੀ ਪੁਲਿਸ ਨੇ ਜੀਟੀਬੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਹਾਲਾਂਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।


 

ਇਸ ਤੋਂ ਬਾਅਦ ਜਦੋਂ ਚਾਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਇੱਕ ਹੋਰ ਜ਼ਖਮੀ ਦੀ ਮੁੱਢਲੇ ਇਲਾਜ ਦੌਰਾਨ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਵਿਅਕਤੀ ਦੀ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ। ਦੋ ਲੋਕ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।