ਮੋਹਾਲੀ ਦੇ ਜ਼ੀਰਕਪੁਰ 'ਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਅਤੇ ਲਾਰੈਂਸ ਗੈਂਗ ਦੇ ਆਪਰੇਟਰਾਂ ਵਿਚਾਲੇ ਮੁਕਾਬਲਾ ਹੋਣ ਦਾ ਸਮਾਚਾਰ ਮਿਲਿਆ ਹੈ। ਲਾਰੈਂਸ ਗੈਂਗ ਦੇ ਦੋ ਗੈਂਗਸਟਰ ਜ਼ੀਰਕਪੁਰ ਵਿੱਚ ਕਿਸੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਆਏ ਹੋਏ ਸਨ। ਜਿਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਸੀ।
ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਮਾਇਆ ਗਾਰਡਨ ਸਿਟੀ ਵਨ ਨੇੜੇ ਵਾਪਰੀ ਹੈ। ਪੁਲਿਸ ਨੇ ਇਹਨਾਂ ਗੈਂਗਸਟਰਾਂ ਨੂੰ ਘੇਰਾ ਪਾਇਆ ਹੋਇਆ ਸੀ ਜਿਸ ਦੌਰਾਨ ਇਹਨਾਂ ਬਦਮਾਸ਼ਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਵੀ ਫਾਇਰ ਕੀਤੇ ਜਿਸ ਕਾਰਨ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗ ਗਈ। ਜਿਸ ਨੂੰ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਮਨਜੀਤ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ। ਮਨਜੀਤ ਸਿੰਘ ਉਰਫ਼ ਗੁਰੀਖੁਰਦ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਹਲਾਂਕਿ ਦੂਜਾ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਿਆ।
ਟੀਮ ਨੇ ਇਨ੍ਹਾਂ ਦੇ ਕਬਜ਼ੇ 'ਚੋਂ 2 ਹਥਿਆਰ ਬਰਾਮਦ ਕੀਤੇ ਹਨ। ਇਸ ਵਿੱਚ ਇੱਕ .32 ਅਤੇ ਦੂਜਾ .30 ਬੋਰ ਦਾ ਹਥਿਆਰ ਸ਼ਾਮਲ ਹੈ। ਦੋਵੇਂ ਗੈਂਗਸਟਰ ਇੱਥੇ ਕਿਸੇ ਦਾ ਕਤਲ ਕਰਨ ਆਏ ਸਨ ਪਰ ਪੁਲਿਸ ਨੂੰ ਇਸ ਦੀ ਸੂਚਨਾ ਮਿਲ ਗਈ। ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਇੱਥੋਂ ਕਾਬੂ ਕਰ ਲਿਆ ਗਿਆ। ਇਹ ਐਨਕਾਊਂਟਰ ਜ਼ੀਰਕਪੁਰ ਦੇ ਡੀਐਸਪੀ ਅਤੇ ਏਜੀਟੀਐਫ ਮੈਂਬਰ ਵਿਕਰਮ ਬਰਾੜ ਨੇ ਕੀਤਾ ਹੈ।