Israel Palestine Attack: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਇਕ ਮਹੀਨਾ ਪੂਰਾ ਹੋਣ ਵਾਲਾ ਹੈ। ਇਸ ਦੌਰਾਨ ਅਲ ਜਜ਼ੀਰਾ ਦੀ ਇਕ ਰਿਪੋਰਟ ਵਿਚ ਫਲਸਤੀਨੀ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਯੁੱਧ ਵਿਚ ਹੁਣ ਤੱਕ 10 ਹਜ਼ਾਰ ਤੋਂ ਵੱਧ ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।


ਰਿਪੋਰਟ ਮੁਤਾਬਕ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਸੋਮਵਾਰ (6 ਨਵੰਬਰ) ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 10022 ਤੱਕ ਪਹੁੰਚ ਗਈ ਹੈ। ਇਜ਼ਰਾਇਲੀ ਹਮਲਿਆਂ 'ਚ ਹੁਣ ਤੱਕ 4104 ਬੱਚਿਆਂ ਦੀ ਮੌਤ ਹੋ ਚੁੱਕੀ ਹੈ।


ਰਿਪੋਰਟ 'ਚ ਕਿਹਾ ਗਿਆ ਹੈ ਕਿ ਘੱਟੋ-ਘੱਟ 2,000 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ, ਜਿਨ੍ਹਾਂ ਨੂੰ ਭਾਰੀ ਸਾਜ਼ੋ-ਸਾਮਾਨ ਅਤੇ ਮਸ਼ੀਨਰੀ ਦੀ ਘਾਟ ਕਾਰਨ ਬਾਹਰ ਨਿਕਲਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਦੀ ਘੇਰਾਬੰਦੀ ਕਾਰਨ ਲੋਕਾਂ ਨੂੰ ਬਾਲਣ, ਭੋਜਨ ਅਤੇ ਬਿਜਲੀ ਵਰਗੀਆਂ ਜ਼ਰੂਰੀ ਵਸਤਾਂ ਨਹੀਂ ਮਿਲ ਰਹੀਆਂ ਹਨ।


ਇਹ ਵੀ ਪੜ੍ਹੋ: Paddy Scam: ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਦੇ ਝੋਨਾ ਘੁਟਾਲੇ 'ਚ ਸ਼ਾਮਲ ਇੱਕ ਹੋਰ ਮੁਲਜ਼ਮ ਵਪਾਰੀ ਗ੍ਰਿਫ਼ਤਾਰ


ਹਿਜ਼ਬੁੱਲਾ ਵੀ ਕਰ ਰਿਹਾ ਹਮਲੇ


ਇਜ਼ਰਾਈਲ-ਹਮਾਸ ਦੀ ਜੰਗ ਦੇ ਪ੍ਰਭਾਵ ਹੁਣ ਲੇਬਨਾਨ ਵਿੱਚ ਵੀ ਮਹਿਸੂਸ ਕੀਤੇ ਜਾ ਰਹੇ ਹਨ। ਹਿਜ਼ਬੁੱਲਾ ਕੱਟੜਪੰਥੀ ਇਜ਼ਰਾਈਲ 'ਤੇ ਐਂਟੀ ਟੈਂਕਾਂ ਨਾਲ ਲਗਾਤਾਰ ਹਮਲੇ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਬ੍ਰਿਟੇਨ ਨੇ ਸਾਵਧਾਨੀ ਦੇ ਤੌਰ 'ਤੇ ਲੇਬਨਾਨ ਤੋਂ ਬ੍ਰਿਟਿਸ਼ ਦੂਤਾਵਾਸ ਦੇ ਕੁਝ ਕਰਮਚਾਰੀਆਂ ਨੂੰ ਅਸਥਾਈ ਤੌਰ 'ਤੇ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।


ਬਾਲਣ ਦੀ ਸਪਲਾਈ ਹੋਈ ਘੱਟ


ਗਾਜ਼ਾ ਦੇ 35 ਹਸਪਤਾਲਾਂ ਵਿੱਚੋਂ ਬਹੁਤ ਸਾਰੇ ਘੱਟ ਈਂਧਨ ਦੀ ਸਪਲਾਈ ਕਾਰਨ ਰੁੱਕ ਗਏ ਹਨ। ਇਜ਼ਰਾਈਲ ਵੱਲੋਂ ਕੀਤੀ ਗਈ ਬੰਬਾਰੀ ਵਿੱਚ ਹੁਣ ਤੱਕ 25,000 ਤੋਂ ਵੱਧ ਲੋਕ ਜ਼ਖ਼ਮੀ ਹੋ ਚੁੱਕੇ ਹਨ, ਇਸੇ ਦੌਰਾਨ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਗਾਜ਼ਾ ਵਿੱਚੋਂ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।


ਦੱਸ ਦਈਏ ਕਿ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਜਿਸ 'ਚ 1400 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਸਥਿਤ ਹਮਾਸ 'ਤੇ ਸਖ਼ਤ ਹਮਲੇ ਕੀਤੇ। ਹਮਾਸ ਨੇ 200 ਤੋਂ ਵੱਧ ਲੋਕਾਂ ਨੂੰ ਬੰਧਕ ਬਣਾਇਆ ਹੋਇਆ ਹੈ।


ਇਹ ਵੀ ਪੜ੍ਹੋ: Stubble Burning in Punjab: ਪੰਜਾਬ ਦੀ ਆਬੋ-ਹਵਾ ਜ਼ਹਿਰੀਲੀ, ਸਿਹਤ ਮਹਿਕਮੇ ਨੇ ਕੀਤਾ ਅਲਰਟ, ਐੱਨ-95 ਮਾਸਕ ਵਰਤਣ ਦੀ ਸਲਾਹ