ਸ਼ੰਕਰ ਦਾਸ ਦੀ ਰਿਪੋਰਟ

 

ਸੰਗਰੂਰੁ : ਮਸ਼ਹੂਰ ਕਾਮੇਡੀ ਫ਼ਿਲਮਾਂ ਦੇ ਕਲਾਕਾਰ ਗੁਰਤੇਜ ਚਿੱਤਰਕਾਰ ਦੇ ਸਹੁਰੇ ਦਾ ਕਤਲ ਹੋਣ ਦੀ ਖ਼ਬਰ ਮਿਲੀ ਹੈ। ਖ਼ਬਰਾਂ ਅਨੁਸਾਰ ਬੀਤੀ ਰਾਤ ਉਨ੍ਹਾਂ ਦੇ ਸਹੁਰੇ ਛੱਜਾ ਸਿੰਘ ਦਾ ਉਨ੍ਹਾਂ ਦੇ ਨੌਕਰ ਵੱਲੋਂ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


 

ਮਿਲੀ ਜਾਣਕਾਰੀ ਅਨੁਸਾਰ ਤਫਤੀਸ਼ੀ ਅਫਸਰ ਥਾਣਾ ਮੁਖੀ ਜਗਸੀਰ ਸਿੰਘ ਨੇ ਦੱਸਿਆ ਕਿ ਛੱਜਾ ਸਿੰਘ ਨੇ ਅਮਰਜੀਤ ਕੌਰ ਨਾਂ ਦੀ ਔਰਤ ਨੂੰ ਆਪਣੇ ਘਰ ਕੰਮ ਕਰਵਾਉਣ ਲਈ ਰੱਖਿਆ ਹੋਇਆ ਸੀ ਅਤੇ ਉਸ ਦਾ ਨੌਕਰ ਸਿਕੰਦਰ ਸਿੰਘ ਉਸ ਔਰਤ 'ਤੇ ਬੁਰੀ ਨਜ਼ਰ ਰੱਖਦਾ ਸੀ। ਜਿਸ ਨੂੰ ਛੱਜਾ ਸਿੰਘ ਰੋਕਦਾ ਰਹਿੰਦਾ ਸੀ।

 

ਜਿਸ ਕਾਰਨ ਗੁੱਸੇ 'ਚ ਆਏ ਨੌਕਰ ਸਿਕੰਦਰ ਸਿੰਘ ਨੇ ਬੀਤੀ ਰਾਤ ਕੰਧ ਟੱਪ ਕੇ ਘਰ 'ਚ ਦਾਖਲ ਹੋ ਕੇ ਛੱਜਾ ਸਿੰਘ ਦੇ ਸਿਰ 'ਤੇ ਕੁਹਾੜੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।

 

ਓਥੇ ਹੀ ਗੁਆਂਢਣ ਨੇ ਦੱਸਿਆ ਕਿ ਬੀਤੀ ਰਾਤ ਨੌਕਰ ਸਿਕੰਦਰ ਸਿੰਘ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਇਆ ਅਤੇ ਕੁਹਾੜੀ ਨਾਲ ਛੱਜਾ ਸਿੰਘ ਦੇ ਸਿਰ 'ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੁਆਂਢਣ ਨੇ ਦੱਸਿਆ ਕਿ ਨੌਕਰ ਸਿਕੰਦਰ ਸਿੰਘ ਨੇ ਉਸ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬੜੀ ਮੁਸ਼ਕਲ ਨਾਲ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਇਸ ਘਟਨਾ ਤੋਂ ਬਾਅਦ ਸਿਕੰਦਰ ਸਿੰਘ ਫਰਾਰ ਹੋ ਗਿਆ।