ਹਿਸਾਰ: ਹਿਸਾਰ ਦੇ ਹਾਂਸੀ ਤੋਂ ਬੀਤੇ ਕੱਲ੍ਹ ਇੱਕ ਹੈਰਾਨੀ ਵਾਲੀ ਖ਼ਬਰ ਸਾਹਮਣੇ ਆਈ ਸੀ।ਪੁਲਿਸ ਨੇ 11 ਲੱਖ ਦੀ ਇਸ ਲੁੱਟ ਦੇ ਮਾਮਲੇ 'ਚ ਹੈਰਾਨੀਜਨਕ ਖੁਲਾਸਾ ਕੀਤਾ ਹੈ। ਇਸ ਲੁੱਟ ਦੀ ਝੂਠੀ ਵਾਰਦਾਤ ਨੂੰ ਘੜਣ ਵਾਲੀ ਵਪਾਰੀ ਨੇ ਆਪਣੀ ਮੌਤ ਦਾ ਡਰਾਮਾ ਖੇਡਿਆ ਸੀ।ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਸ਼ੁਕਰਵਾਰ ਛੱਤੀਸਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਸੀ।


ਇਸ ਮਾਮਲੇ 'ਚ ਹੁਣ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਵਪਾਰੀ ਰਾਮਮੇਹਰ ਕਰਜ਼ੇ ਹੇਠਾਂ ਦੱਬਿਆ ਹੋਇਆ ਸੀ।ਉਸਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਹੈ ਜਿਸ ਤੋਂ ਛੁੱਟਕਾਰਾ ਪਾਉਣ ਲਈ ਰਾਮਮੇਹਰ ਨੇ ਇਹ ਸਾਰਾ ਡਰਾਮਾ ਖੇਡਿਆ ਸੀ। ਦਰਅਸਲ, ਕੁੱਝ ਦਿਨ ਪਹਿਲਾਂ 11 ਲੱਖ ਰੁਪਏ ਦੀ ਲੁੱਟ ਤੋਂ ਬਾਅਦ ਵਪਾਰੀ ਰਾਮਮੇਹਰ ਨੂੰ ਉਸਦੀ ਹੀ ਕਾਰ 'ਚ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ।

ਪੁਲਿਸ ਦੀ ਪੁੱਛ ਪੜਤਾਲ 'ਚ ਪਤਾ ਲੱਗਾ ਹੈ ਕਿ, ਰਾਮਮੇਹਰ ਨੇ ਪਹਿਲਾਂ ਆਪਣੇ ਇੱਕ ਪਿੰਡ ਦੇ ਵਿਅਕਤੀ ਦੀ ਗਲ਼ਾ ਘੁੱਟ ਕੇ ਹੱਤਿਆ ਕੀਤੀ ਅਤੇ ਫਿਰ ਗੱਡੀ ਦਾ ਤੇਲ ਕੱਢ ਗੱਡੀ ਨੂੰ ਅੱਗ ਲਾ ਦਿੱਤੀ।ਮੁਲਜ਼ਮ ਰਾਮਮੇਹਰ ਨੇ ਪੁਲਿਸ ਸਾਹਮਣੇ ਖੁਲਾਸਾ ਕੀਤਾ ਕਿ ਉਸਦੇ ਉੱਪਰ ਕਰੋੜਾਂ ਦਾ ਕਰਜ਼ਾ ਹੈ ਅਤੇ ਜੁਲਾਈ ਮਹੀਨੇ ਉਸਨੇ ਆਪਣਾ ਬੀਮਾ ਕਰਵਾਇਆ ਸੀ ਅਤੇ ਬੀਮੇ ਦੀ ਰਾਸ਼ੀ ਨਾਲ ਉਹ ਕਰਜ਼ੇ ਦੀ ਰਕਮ ਅਦਾ ਕਰਨਾ ਚਾਹੁੰਦਾ ਸੀ।

ਮੁਲਜ਼ਮ ਰਾਮਮੇਹਰ ਨੇ ਕਿਹਾ ਕਿ, ਇਸ ਦੇ ਲਈ ਉਸਨੇ ਪਹਿਲਾਂ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ।ਫਿਰ ਅਚਾਨਕ ਉਸਦੇ ਦਿਮਾਗ 'ਚ ਕੁੱਝ ਹੋਰ ਤਰਕੀਬ ਆਈ ਅਤੇ ਫਿਰ ਉਸਨੇ ਪਹਿਲਾਂ ਰਾਮਲੂ ਨਾਮ ਦੇ ਪਿੰਡ ਵਾਸੀ ਨਾਲ ਸ਼ਰਾਬ ਪੀਤੀ ਅਤੇ ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ।