ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ 'ਚ ਦਿੱਲੀ ਵਿਖੇ ਜੰਤਰ-ਮੰਤਰ 'ਚ ਧਰਨਾ ਪ੍ਰਦਰਸ਼ਨ ਕਰਨ ਜਾ ਰਹੀ ਹੈ। ਇਸ ਦਾ ਐਲਾਨ ਖੁਦ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਪਿੰਡ ਬਿਹਾਲਾ ਅਤੇ ਠਰੋਲੀ ਵਿਖੇ ਗ੍ਰਾਮ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਜੰਤਰ-ਮੰਤਰ ਵਿਖੇ ਲਗਾਏ ਜਾ ਰਹੇ ਧਰਨੇ 'ਚ ਪੰਜਾਬ ਦੀ ਸਮੂਹ ਲੀਡਰਸ਼ਿਪ ਦੇ ਨਾਲ ਦਿੱਲੀ ਦੇ ਵਿਧਾਇਕ ਅਤੇ ਮੰਤਰੀ ਵੀ ਇੱਕਜੁੱਟ ਹੋ ਤਾਨਾਸ਼ਾਹ ਕੇਂਦਰ ਸਰਕਾਰ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨਗੇ।
ਹੁਸ਼ਿਆਰਪੁਰ ਦੇ ਪਿੰਡ ਬਿਹਾਲਾ ਅਤੇ ਠਰੋਲੀ ਦੀਆਂ ਗ੍ਰਾਮ ਸਭਾਵਾਂ 'ਚ ਭਗਵੰਤ ਮਾਨ ਨੇ ਕਿਸਾਨ ਮਾਰੂ, ਪੰਜਾਬ ਮਾਰੂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਬਸੰਮਤੀ ਨਾਲ ਪਤਾ ਪਵਾਇਆ ਤਾਂ ਕਿ ਤਾਨਾਸ਼ਾਹ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਕਾਲੇ ਬਿੱਲਾਂ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ। ਗ੍ਰਾਮ ਸਭਾਵਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਸਮੁੱਚੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪੋ-ਆਪਣੇ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਦੇ ਇਜਲਾਸ ਤੁਰੰਤ ਬੁਲਾਉਣ ਅਤੇ ਤਿੰਨੋਂ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਮਤੇ ਪਾਉਣ ਤਾਂ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਬਚਾਇਆ ਜਾ ਸਕੇ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨੀ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੋਈ ਹੈ, ਆਮਦਨ ਘੱਟ ਲਾਗਤ ਜ਼ਿਆਦਾ ਹੈ। ਉੱਤੋਂ ਜਦੋਂ ਕੁਦਰਤ ਨਾਰਾਜ਼ ਹੋ ਜਾਵੇ ਤਾਂ ਖੜੀ ਹੋਈ ਫ਼ਸਲ ਬਰਬਾਦ ਹੋਣ ਵਿੱਚ ਜ਼ਿਆਦਾ ਦੇਰ ਨਹੀਂ ਲੱਗਦੀ, ਪਰੇਸ਼ਾਨ ਕਿਸਾਨ ਸਰਕਾਰ ਵੱਲ ਤੱਕਦਾ ਹੈ। ਜਦੋਂ ਸਰਕਾਰਾਂ ਨਜ਼ਰਾਂ ਨਹੀਂ ਮਿਲਾਉਂਦੀਆਂ ਤਾਂ ਉਹ ਕਰਜ਼ਾ ਚੁੱਕ ਦਾ ਹੈ। ਜਦੋਂ ਕਰਜ਼ਾ ਨਹੀਂ ਮੋੜ ਪਾਉਂਦਾ ਤਾਂ ਖ਼ੁਦਕੁਸ਼ੀ ਦੀ ਰਾਹ 'ਤੇ ਟੁਰ ਪੈਂਦਾ ਹੈ। ਅਜਿਹੇ ਦਰਦਨਾਕ ਹਾਲਾਤਾਂ 'ਚੋਂ ਦੀ ਪੰਜਾਬ ਦਾ ਕਿਸਾਨ ਗੁਜ਼ਰ ਰਿਹਾ ਹੈ।