ਬਰਨਾਲਾ: ਖੇਤੀ ਬਿੱਲਾਂ ਦੇ ਵਿਰੋਧ 'ਚ ਚੱਲ ਰਹੇ ਸੰਘਰਸ਼ ਦਰਮਿਆਨ ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਦੀ ਐਮਰਜੈਂਸੀ ਮੀਟਿੰਗ ਅੱਜ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲਿਆ। ਹੁਣ ਅਗਲੀ ਮੀਟਿੰਗ 13 ਅਕਤੂਬਰ ਨੂੰ ਰੱਖੀ ਗਈ ਹੈ। ਇਸ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਪੰਜਾਬ ਕਿਸਾਨ ਯੂਨੀਅਨ ਸਮੇਤ ਹੋਰ ਵੀ ਜੱਥੇਬੰਦੀਆਂ ਸ਼ਾਮਲ ਨਹੀਂ ਹੋਈਆਂ। ਇਸ ਮੀਟਿੰਗ ਵਿੱਚ ਰੇਲ ਰੋਕੋ ਅੰਦੋਲਨ, ਬਿਜਲੀ ਸੰਕਟ ਅਤੇ ਅਗਲੇ ਸੰਘਰਸ਼ਾਂ ਸਬੰਧੀ ਚਰਚਾ ਹੋਈ।

ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਪੈਦਾ ਕੀਤੇ ਜਾ ਰਹੇ ਬਿਜਲੀ ਸੰਕਟ ਨੂੰ ਧਿਆਨ 'ਚ ਰੱਖਦਿਆਂ ਅੱਜ ਐਮਰਜੈਂਸੀ ਮੀਟਿੰਗ ਸੱਦੀ ਗਈ ਸੀ। ਪਰ ਅੱਜ ਬਹੁਜਨ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਕਾਰਨ ਕੁੱਝ ਜੱਥੇਬੰਦੀਆਂ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੀਆਂ। ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂਆਂ ਵਲੋਂ ਬਿਜਲੀ ਸੰਕਟ, ਡੀਏਪੀ ਅਤੇ ਯੂਰੀਆ ਦੀ ਤੋਟ ਬਾਰੇ ਚਰਚਾ ਕੀਤੀ ਗਈ ਹੈ।


ਉਨ੍ਹਾਂ ਕਿਹਾ ਕਿ ਅਜੇ ਬਿਜਲੀ ਸੰਕਟ ਪੈਦਾ ਨਹੀਂ ਹੋਇਆ ਹੈ। ਸਾਰੇ ਹੀ ਥਰਮਲਾਂ ਕੋਲ ਕੋਲਾ ਪਿਆ ਹੈ। ਅਜੇ ਸਰਕਾਰ ਥਰਮਲ ਨੂੰ ਮੌਜੂਦ ਕੋਲੇ ਨਾਲ ਚਲਾ ਸਕਦੀ ਹੈ। ਪਰ ਇਸਦਾ ਇੱਕ ਹਊਆ ਖੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ਲਈ ਬਿਜਲੀ ਦੇ ਕੱਟ ਲਗਾ ਕੇ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀੜੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦਾ ਸਾਹਮਣਾ ਕਰਨ ਲਈ ਵੀ ਅੱਜ ਚਰਚਾ ਕੀਤੀ ਗਈ।


ਕਿਸਾਨ ਆਗੂਆਂ ਮੁਤਾਬਕ ਜੇਕਰ ਖੇਤੀ ਬਿਜਲੀ ਲਈ ਕਿਸਾਨਾਂ ਨੂੰ ਤੰਗ ਕੀਤਾ ਤਾਂ ਸਬੰਧਤ ਅਧਿਕਾਰੀਆਂ ਦ ਘਿਰਾਉ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੁੱਝ ਜੱਥੇਬੰਦੀਆਂ ਦੇ ਸ਼ਾਮਲ ਨਾ ਹੋਣ ਕਾਰਨ ਇਨ੍ਹਾਂ ਸਾਰੇ ਮਸਲਿਆਂ 'ਤੇ ਫ਼ੈਸਲਾ 13 ਅਕਤੂਬਰ ਨੂੰ ਲਿਆ ਜਾਵੇਗਾ। ਜਦਕਿ ਕਿ ਸੂਬਾ ਸਰਕਾਰ ਵਲੋਂ ਵਿਧਾਨ ਸਭਾ ਇਜਲਾਸ ਨਾ ਬੁਲਾਏ ਜਾਣ ਬਾਰੇ ਅਗਲੇ ਸੰਘਰਸ਼ ਦਾ ਫ਼ੈਸਲਾ 15 ਅਕਤੂਬਰ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ।