ਲੁਧਿਆਣਾ: ਪੰਜਾਬ 'ਚ ਦਿਨ ਪਰ ਦਿਨ ਕ੍ਰਾਈਮ ਰੇਟ (crime rate in Punjab) ਵਧਦਾ ਜਾ ਰਿਹਾ ਹੈ। ਸੂਬੇ 'ਚ ਬਦਮਾਸ਼ਾਂ ਦੇ ਹੌਂਸਲੇ ਸਿਖਰਾਂ 'ਤੇ ਹਨ। ਆਏ ਦਿਨ ਕਤਲ ਹੋ ਰਹੇ ਹਨ ਤੇ ਆਮ ਲੋਕਾਂ 'ਚ ਹੁਣ ਡਰ ਦਾ ਮਾਹੌਲ ਹੈ। ਇਸ ਦੇ ਨਾਲ ਹੀ ਤਾਜ਼ਾ ਘਟਨਾ ਲੁਧਿਆਣਾ (Murder in Ludhiana) ਸ਼ਹਿਰ ਦੀ ਹੈ, ਜਿੱਥੇ ਬੁੱਧਵਾਰ ਦੇਰ ਰਾਤ ਥਾਣਾ ਸਰਾਭਾ ਨਗਰ ਅਧੀਨ ਪੈਂਦੇ ਭਾਈ ਰਣਧੀਰ ਸਿੰਘ (BRS) ਨਗਰ 'ਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਗਿਆ।


ਹਾਸਲ ਜਾਣਕਾਰੀ ਮੁਤਾਬਕ ਤੇਜ਼ਧਾਰ ਹਥਿਆਰਾਂ ਨਾਲ ਸੀਪੀਡਬਲਿਊਡੀ ਦੇ ਸੇਵਾਮੁਕਤ ਅਧਿਕਾਰੀ (CPWD officer) ਤੇ ਉਨ੍ਹਾਂ ਦੀ ਪਤਨੀ ਦਾ ਕਤਲ ਕੀਤਾ ਗਿਆ। ਇਹ ਜੋੜਾ ਇਲਾਕੇ ਦੇ ਡੀ-ਬਲਾਕ ਵਿੱਚ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਦੇ ਨਾਲ ਲੱਗਦੀ ਗਲੀ ਦੇ ਬਿਲਕੁਲ ਸਾਹਮਣੇ ਇੱਕ ਮਕਾਨ ਵਿੱਚ ਰਹਿੰਦਾ ਸੀ।


ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਲੋਟੇ (60) ਤੇ ਉਸ ਦੀ ਪਤਨੀ ਗੁਰਮੀਤ ਕੌਰ (64) ਵਜੋਂ ਹੋਈ ਹੈ। ਸੁਖਦੇਵ ਸਿੰਘ ਦੇ ਤਿੰਨ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਿਰਫ 20 ਮਿੰਟਾਂ 'ਚ ਵਾਪਰੀ। ਦੋਸ਼ੀ ਘਰ 'ਚ ਦਾਖਲ ਹੁੰਦਾ ਹੈ ਤੇ ਕੁਝ ਸਮੇਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੰਧ 'ਤੇ ਚੜ੍ਹ ਕੇ ਫਰਾਰ ਹੋ ਜਾਂਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।


ਮ੍ਰਿਤਕ ਜੋੜੇ ਦੇ ਦੋ ਲੜਕੇ ਵਿਦੇਸ਼ ਰਹਿੰਦੇ ਹਨ। ਉਸ ਦੀ ਇੱਕ ਧੀ ਦਾ ਵਿਆਹ ਲੁਧਿਆਣਾ ਦੇ ਅਗਰ ਨਗਰ ਵਿੱਚ ਹੀ ਹੋਇਆ ਹੈ। ਉਸ ਦੇ ਪਿਤਾ ਦਾ ਫੋਨ ਬੰਦ ਹੋਣ 'ਤੇ ਉਹ ਉਨ੍ਹਾਂ ਨੂੰ ਮਿਲਣ ਆਈ ਪਰ ਘਰ ਦਾ ਦਰਵਾਜ਼ਾ ਖੁੱਲ੍ਹਾ ਮਿਲਿਆ ਤਾਂ ਉਹ ਸਿੱਧਾ ਅੰਦਰ ਚਲੇ ਗਈ। ਉੱਥੇ ਦਾ ਦ੍ਰਿਸ਼ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।


ਵਾਰਦਾਤ ਦੀ ਜਾਣਕਾਰੀ ਦਿੰਦਿਆਂ ਰਿੰਪੀ ਨੇ ਦੱਸਿਆ ਕਿ ਪਿਤਾ ਸੁਖਦੇਵ ਸਿੰਘ ਉਸ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਅਚਾਨਕ ਫੋਨ ਬੰਦ ਹੋ ਗਿਆ ਤਾਂ ਉਹ ਆਪਣੇ ਪਿਤਾ ਨੂੰ ਮਿਲਣ ਆਈ। ਇਸ ਦੇ ਨਾਲ ਹੀ ਜਾਂਚ ਦੌਰਾਨ ਪੁਲਿਸ ਨੂੰ ਕਮਰੇ ਚੋਂ ਪਾਣੀ ਦੇ 3 ਗਲਾਸ ਮਿਲੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਪਤੀ-ਪਤਨੀ ਦੇ ਕੋਲ ਹੀ ਬੈਠਾ ਹੋਵੇਗਾ ਤੇ ਕਿਸੇ ਗੱਲ ਨੂੰ ਲੈ ਕੇ ਗੱਲਬਾਤ ਕੀਤੀ ਹੋਵੇਗੀ। ਹਮਲਾਵਰ ਨੂੰ ਪਤੀ-ਪਤਨੀ ਨੇ ਪਾਣੀ ਪਿਲਾਇਆ ਹੋਵੇਗਾ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ।


ਪੁਲਿਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਜਿਸ ਕਮਰੇ ਵਿੱਚ ਕਤਲ ਹੋਇਆ ਸੀ, ਉਸ ਤੋਂ ਪੁਲਿਸ ਨੇ ਕਈ ਸੈਂਪਲ ਵੀ ਲਏ ਹਨ। ਪੁਲਿਸ ਨੂੰ ਮੁਲਜ਼ਮਾਂ ਦੀਆਂ ਜੁੱਤੀਆਂ ਦੇ ਨਿਸ਼ਾਨ ਵੀ ਮਿਲੇ ਹਨ ਕਿਉਂਕਿ ਜਦੋਂ ਮੁਲਜ਼ਮ ਘਰ ਦੀ ਕੰਧ ਟੱਪ ਕੇ ਗਿਆ ਤਾਂ ਉਸ ਦੇ ਪੈਰ ਘਰ ਦੇ ਬਾਹਰ ਲੱਗੇ ਬਗੀਚੇ ਵਿੱਚ ਮਿੱਟੀ ਵਿੱਚ ਮਿਲੇ।


ਇਹ ਵੀ ਪੜ੍ਹੋ: Patiala Covid-19 Cases: ਪਟਿਆਲਾ 'ਚ 60 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਕੰਟੇਨਮੈਂਟ ਜ਼ੋਨ ਬਣੀ ਯੂਨਿਵਰਸਿਟੀ, ਹੋਸਟਲ ਕਰਵਾਇਆ ਖਾਲੀ