ਚੰਡੀਗੜ੍ਹ: ਪਟਿਆਲਾ 'ਚ ਬੀਤੇ ਸ਼ੁੱਕਰਵਾਰ ਨੂੰ ਹੋਈ ਹਿੰਸਾ ਮਾਮਲੇ 'ਚ ਮੁੱਖ ਮੁਲਜ਼ਮ ਬਰਜਿੰਦਰ ਪਰਵਾਨਾ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ। ਪਰਵਾਨਾ ਦੀ ਚਾਰ ਦਿਨਾਂ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਰਹੀ ਹੈ। ਪੁਲਿਸ ਅੱਜ ਪਰਵਾਨਾ ਨੂੰ ਕੋਰਟ 'ਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕਰ ਸਕਦੀ ਹੈ।ਬਰਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਨੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਸੀ।ਪੁਲਿਸ ਨੇ ਹਿੰਸਾ ਮਾਮਲੇ 'ਚ 25 ਲੋਕਾਂ ਨੂੰ ਨਾਮਜ਼ਦ ਕੀਤਾ ਸੀ।ਜਿਸ ਵਿਚੋਂ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 


ਮਿਲੀ ਜਾਣਕਾਰੀ ਦੇ ਮੁਤਾਬਿਕ ਇਨ੍ਹਾਂ ਵਿੱਚੋਂ ਹਰੀਸ਼ ਸਿੰਗਲਾ, ਕੁਲਦੀਪ ਸਿੰਘ ਤੇ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਸ ਪੂਰੀ ਹਿੰਸਾ ਦਾ ਮਾਸਟਰਮਾਈਂਡ ਸਿੱਖ ਕੱਟੜਪੰਥੀ ਬਰਜਿੰਦਰ ਪਰਵਾਨਾ ਨੂੰ ਦੱਸਿਆ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਐਤਵਾਰ ਤੱਕ ਬਰਜਿੰਦਰ ਸਿੰਘ ਪਰਵਾਨਾ ਸਮੇਤ ਪੰਜਾਬ ਪੁਲਿਸ ਵੱਲੋਂ 9 ਲੋਕਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ।


ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਸਥਾ 'ਸਿੱਖ ਫਾਰ ਜਸਟਿਸ' ਵੱਲੋਂ ਕੁਝ ਦਿਨ ਪਹਿਲਾਂ ਡੀਸੀ ਦਫਤਰਾਂ 'ਤੇ ਖਾਲਿਸਤਾਨੀ ਪੱਖੀ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਗਈ ਸੀ।ਪਟਿਆਲਾ ਵਿੱਚ ਸ਼ਿਵ ਸੈਨਾ ਵੱਲੋਂ ਇਸ ਅਪੀਲ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਮਾਰਚ ਦਾ ਸੱਦਾ ਦਿੱਤਾ ਗਿਆ ਸੀ।


ਇਸੇ ਮਾਰਚ ਦੇ ਵਿਰੋਧ ਵਿੱਚ ਕਈ ਸਿੱਖ ਸੰਗਠਨ ਵੀ ਵਿਰੋਧ ਪ੍ਰਦਰਸ਼ਨ ਲਈ ਸੜਕਾਂ ਉੱਤੇ ਉਤਰ ਗਏ ਸਨ। ਇਹ ਮਾਰਚ ਪਟਿਆਲਾ ਦੇ ਫੁਹਾਰਾ ਚੌਂਕ ਤੋਂ ਸ਼ੁਰੂ ਹੋਇਆ ਅਤੇ ਕਾਲੀ ਮਾਤਾ ਮੰਦਿਰ ਤੱਕ ਪਹੁੰਚਿਆ ਜਿੱਥੇ ਟਕਰਾਅ ਹੋਇਆ।


ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਸੀ ਕਿ ਬਰਜਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਭੜਕਾਊ ਬਿਆਨਬਾਜ਼ੀ ਕੀਤੀ ਜਾਂਦੀ ਹੈ। ਬਰਜਿੰਦਰ ਸਿੰਘ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪ੍ਰੋਫਾਇਲ ਤੋਂ 29 ਅਪ੍ਰੈਲ ਨੂੰ ਸ਼ਿਵ ਸੈਨਾ ਦੇ ਮਾਰਚ ਦੇ ਵਿਰੋਧ ਵਿੱਚ ਵੀ ਕਈ ਵੀਡੀਓ ਪੋਸਟ ਕੀਤੀਆਂ ਗਈਆਂ ਸਨ। ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਪਹਿਲਾਂ ਵੀ ਪਰਵਾਨਾ ਉੱਪਰ ਚਾਰ ਐੱਫਆਈਆਰ ਦਰਜ ਹਨ।


ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬਰਜਿੰਦਰ ਸਿੰਘ ਪਰਵਾਨਾ ਰਾਜਪੁਰਾ ਦੇ ਵਸਨੀਕ ਹਨ। ਪੰਜਾਬ ਪੁਲਿਸ ਨੇ ਅੱਗੇ ਦੱਸਿਆ ਕਿ 2007-2008 ਦੌਰਾਨ ਉਹ ਸਿੰਗਾਪੁਰ ਗਏ ਸਨ। ਤਕਰੀਬਨ ਡੇਢ ਸਾਲ ਉਥੇ ਰਹਿਣ ਤੋਂ ਬਾਅਦ ਉਹ ਭਾਰਤ ਵਾਪਸ ਆਏ। ਇਸ ਮਗਰੋਂ ਧਾਰਮਿਕ ਦੀਵਾਨ ਲਗਾ ਕੇ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਇਸੇ ਦੌਰਾਨ ਬਰਜਿੰਦਰ ਸਿੰਘ ਪਰਵਾਨਾ ਨੇ ਦਮਦਮੀ ਟਕਸਾਲ ਰਾਜਪੁਰਾ ਨਾਂ ਦਾ ਜਥਾ ਬਣਾਇਆ ਅਤੇ ਖੁਦ ਹੀ ਇਸ ਦਾ ਮੁਖੀ ਬਣ ਗਿਆ।