ਚੰਡੀਗੜ੍ਹ: ਪੰਜਾਬ ਪੁਲਿਸ ਨੇ ਵੀਰਵਾਰ ਨੂੰ ਸਨਸਨੀਖੇਜ਼ ਰਹੇ 30 ਕਿੱਲੋ ਸੋਨੇ ਦੀ ਲੁੱਟ ਵਾਲਾ ਲੁਧਿਆਣਾ ਦਾ ਕੇਸ ਹੱਲ ਕਰ ਲਿਆ ਹੈ। ਸੈਕਟਰ 36 ਦੀ ਮਾਰਕੀਟ ਵਿੱਚ ਵੱਡੇ ਡਰਾਮੇ ਤੋਂ ਬਾਅਦ ਅੰਤਰਰਾਜੀ ਗੈਂਗਸਟਰ ਗਗਨ ਜੱਜ ਨੂੰ ਗ੍ਰਿਫਤਾਰੀ ਕਰ ਲਿਆ ਗਿਆ ਹੈ।


ਗਗਨ ਨੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੀ ਟੀਮ 'ਤੇ ਗੋਲੀਬਾਰੀ ਕਰਨ ਦੀ ਇੱਕ ਅਸਫਲ ਕੋਸ਼ਿਸ਼ ਵੀ ਕੀਤੀ। ਪਰ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ।


ਡੀਜੀਪੀ ਦਿਨਕਰ ਗੁਪਤਾ ਨੇ ਓਸੀਸੀਯੂ ਦੀ ਟੀਮ ਨੂੰ ਉਨ੍ਹਾਂ ਦੀ ਬਹਾਦਰੀ ਲਈ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਰੋਹ ਦੇ ਹੋਰ ਮੈਂਬਰਾਂ ਅਤੇ ਗਗਨ ਦੇ ਸਾਥੀਆਂ ਨੂੰ ਲੁਧਿਆਣਾ ਕੇਸ ਵਿੱਚ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਗਗਨ ਲੁੱਟਖੋਹ ਵਿੱਚ ਸ਼ਾਮਲ ਪੰਜ ਸ਼ੱਕੀ ਵਿਅਕਤੀਆਂ ਵਿੱਚ ਸ਼ਾਮਲ ਸੀ, ਜੋ ਕਿ ਤਿੰਨ ਹਫਤੇ ਪਹਿਲਾਂ ਵਾਪਰੀ ਸੀ।


ਗਗਨਦੀਪ ਜੱਜ ਉਰਫ਼ ਗਗਨ ਜੱਜ ਅਤੇ ਉਸਦੇ ਗਿਰੋਹ ਦੇ ਮੈਂਬਰ ਕਥਿਤ ਤੌਰ 'ਤੇ ਕਤਲ, ਜ਼ਬਰਦਸਤੀ, ਲੁੱਟਖੋਹ ਅਤੇ ਹੋਰ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਦੋ ਦਰਜਨ ਤੋਂ ਵੱਧ ਜੁਰਮਾਂ ਵਿੱਚ ਸ਼ਾਮਲ ਹਨ।


ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਖੁਲਾਸਾ ਕੀਤਾ ਕਿ ਗਗਨ ਜੱਜ ਦੇ ਕਬਜ਼ੇ ਵਿਚੋਂ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ 50 ਜਿੰਦਾ ਕਾਰਤੂਸ ਤੋਂ ਇਲਾਵਾ ਲੱਗਭਗ 31 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਆਈਜੀਪੀ ਨੇ ਦੱਸਿਆ ਕਿ ਇਹ ਗਿਰੋਹ ਫੋਨ ਕਾਲਾਂ ਟੈਪ ਹੋਣ ਤੋਂ ਬਚਣ ਲਈ ਆਪਣੇ ਮੈਂਬਰਾਂ ਨੂੰ ਵਾਇਰਲੈੱਸ ਹੈਂਡਸੈੱਟਾਂ ‘ਤੇ ਕਾਲ ਕਰਦਾ ਸੀ। ਉਸ ਕੋਲੋਂ ਇੱਕ ਚੋਰੀ ਦੀ ਆਈ -20 ਕਾਰ ਵੀ ਬਰਾਮਦ ਕੀਤੀ ਗਈ ਹੈ।