ਜਲੰਧਰ: ਜਲੰਧਰ 'ਚ ਅੱਜ ਸਵੇਰੇ ਮਕਸੂਦਾ ਸਬਜ਼ੀ ਮੰਡੀ ਦਫਤਰ ਨੇੜੇ ਐੱਸਆਰ ਟਰੇਡਿੰਗ ਦੇ ਨਾਂ 'ਤੇ ਦੁਕਾਨ ਨੰਬਰ ਪੰਜ ਦੀ ਬੇਸਮੈਂਟ 'ਚ ਗੈਸ ਸਿਲੰਡਰ ਫਟਣ ਕਾਰਨ ਇਕ ਵਿਅਕਤੀ ਝੁਲਸ ਗਿਆ ਹੈ। ਜਿਸ ਨੂੰ ਲੋਕਾਂ ਨੇ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਹੈ।


 

ਜਲੰਧਰ ਦੀ ਮਕਸੂਦਾ ਸਬਜ਼ੀ ਮੰਡੀ 'ਚ ਬੁੱਧਵਾਰ ਤੜਕੇ ਧਮਾਕੇ ਦੀ ਆਵਾਜ਼ ਨਾਲ ਪੂਰੀ ਮਾਰਕੀਟ ਦਹਿਲ ਉਠੀ ਅਤੇ ਦੁਕਾਨ ਦਾ ਗੇਟ ਉਖੜ ਕੇ ਬਾਹਰ ਆ ਡਿੱਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਜਾਣਕਾਰੀ ਮੁਤਾਬਕ ਮੰਡੀ 'ਚ ਸਿਲੰਡਰ ਬਲਾਸਟ ਹੋਇਆ ਹੈ। ਇਹ ਧਮਾਕਾ ਮੰਡੀ ਮਾਰਕੀਟ ਕਮੇਟੀ ਦੇ ਦਫ਼ਤਰ ਨੇੜੇ ਸਥਿਤ ਦੁਕਾਨ ਨੰਬਰ 5 ਦੀ ਬੇਸਮੈਂਟ ਵਿੱਚ ਹੋਇਆ। ਇੱਥੇ ਤਿੰਨ ਸਿਲੰਡਰ ਰੱਖੇ ਹੋਏ ਸਨ।

ਜਾਣਕਾਰੀ ਅਨੁਸਾਰ ਦੁਕਾਨ ਦੇ ਕੋਲ ਇੱਕ ਵਿਅਕਤੀ ਬੀੜੀ ਪੀ ਰਿਹਾ ਸੀ, ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੀ ਪਛਾਣ ਗੁਲਸ਼ਨ ਕੁਮਾਰ ਵਜੋਂ ਹੋਈ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਿਲੰਡਰ ਲੀਕ ਹੋਣ ਕਾਰਨ ਮਾਚਿਸ ਜਲਾਉਂਦੇ ਹੀ ਧਮਾਕਾ ਹੋਇਆ।

ਹੈਰਾਨੀ ਦੀ ਗੱਲ ਹੈ ਕਿ ਮਾਰਕੀਟ ਕਮੇਟੀ ਦਫ਼ਤਰ ਨੇੜੇ ਇਸ ਦੁਕਾਨ ਵਿੱਚ ਤਿੰਨ ਸਿਲੰਡਰ ਰੱਖਣ ਦਾ ਕੀ ਕੰਮ ਸੀ। ਮੰਡੀ ਵਿੱਚ ਧਾਂਦਲੀ ਕਾਰਨ ਹੀ ਹਫੜਾ-ਦਫੜੀ ਮਚੀ ਹੋਈ ਹੈ, ਜੋ ਲਗਾਤਾਰ ਵਧ ਰਹੀ ਹੈ। ਮੰਡੀ 'ਚ ਸਿਰਫ ਸਬਜ਼ੀਆਂ ਅਤੇ ਫਲਾਂ ਦਾ ਬਾਜ਼ਾਰ ਸੱਜਦਾ ਹੈ , ਫਿਰ ਤਿੰਨ ਸਿਲੰਡਰ ਕਿਸ ਲਈ ਰੱਖੇ ਗਏ ਸਨ ਪਰ ਮੰਡੀ 'ਚ ਮਾਰਕੀਟ ਕਮੇਟੀ ਦੇ ਕੁਝ ਅਧਿਕਾਰੀਆਂ ਦੀ ਧੱਕੇਸ਼ਾਹੀ ਕਾਰਨ ਅਜਿਹੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ।