ਜੀਂਦ: ਹਰਿਆਣਾ ਪੁਲਿਸ ਨੇ ਪੰਜਾਬ ਨੈਸ਼ਨਲ ਬੈਂਕ ਤੋਂ 20 ਲੱਖ ਰੁਪਏ ਚੋਰੀ ਕਰਨ ਵਾਲੇ 11 ਸਾਲਾ ਬੱਚੇ ਬਾਰੇ ਵੱਡਾ ਖੁਲਾਸਾ ਕੀਤਾ ਹੈ। ਮੱਧ ਪ੍ਰਦੇਸ਼ ਦਾ ਇਹ 11 ਸਾਲਾ ਬੱਚਾ ਚੋਰੀ ਦੇ ਠੇਕੇ ਲੈਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ 2 ਲੱਖ ਰੁਪਏ ਐਡਵਾਂਸ ਲੈਂਦਾ ਹੈ ਤੇ ਜੇਕਰ ਚੋਰੀ ਕਰਦਾ ਫੜ੍ਹਿਆ ਜਾਵੇ ਤਾਂ ਕੋਰਟ ਸਬੰਧੀ ਸਾਰਾ ਖਰਚਾ ਚੋਰੀ ਦਾ ਠੇਕਾ ਦੇਣ ਵਾਲੇ ਨੂੰ ਚੁੱਕਣਾ ਪੈਂਦਾ ਹੈ।
ਜੀਂਦ 'ਚ 28 ਸਤੰਬਰ ਨੂੰ ਪੰਜਾਬ ਨੈਸ਼ਨਲ ਬੈਂਕ 'ਚ 20 ਲੱਖ ਰੁਪਏ ਦੀ ਚੋਰੀ ਹੋਈ ਸੀ। ਇਹ ਚੋਰੀ 11 ਸਾਲਾ ਲੜਕੇ ਨੇ ਕੀਤੀ ਸੀ ਜੋ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਮਾਮਲੇ 'ਚ ਜਾਂਚ ਕਰ ਰਹੀ ਪੁਲਿਸ ਨੇ ਕਿਹਾ ਬੈਂਕ 'ਚ ਚੋਰੀ 28 ਸਤੰਬਰ ਦੀ ਸ਼ਾਮ ਨੂੰ ਹੋਈ ਸੀ। ਬ੍ਰਾਂਚ ਦੇ ਕੈਸ਼ੀਅਰ ਨੇ ਕੈਸ਼ ਦੀ ਗਿਣਤੀ ਕੀਤੀ ਤੇ ਟੇਬਲ ਤੇ ਰੱਖ ਕੇ ਦੂਜੇ ਕੈਬਿਨ 'ਚ ਕੁਝ ਕੰਮ ਲਈ ਚੱਲਾ ਗਿਆ। ਵਾਪਸ ਆ ਕੇ ਉਸ ਨੇ ਵੇਖਿਆ ਤਾਂ ਟੇਬਲ ਤੋਂ ਕੈਸ਼ ਗਾਇਬ ਸੀ ਜਿਸ ਤੋਂ ਬਾਅਦ ਪੂਰੀ ਘਟਨਾ ਦਾ ਖੁਲਾਸਾ ਸੀਸੀਟੀਵੀ ਤੋਂ ਹੋਇਆ।
ਪੁਲਿਸ ਨੇ ਨਾਬਾਲਗ ਨੂੰ ਹਿਸਾਰ ਦੇ ਜੁਵੇਨਾਇਲ ਸੈਂਟਰ ਭੇਜ ਦਿੱਤਾ ਹੈ। ਪੁਲਿਸ ਨੇ ਬੱਚੇ ਦੇ ਕੋਲੋ ਚੋਰੀ ਦੀ ਅੱਧੀ ਰਕਮ ਵੀ ਬਰਾਮਦ ਕੀਤੀ ਹੈ। ਪੁਲਿਸ ਇਸ ਮਾਮਲੇ 'ਚ ਹੋਰ ਲੋਕਾਂ ਦੀ ਤਲਾਸ਼ ਕਰ ਰਹੀ ਹੈ ਤੇ ਪੱਛ ਪੜਤਾਲ ਜਾਰੀ ਹੈ।