ਨਵੀਂ ਦਿੱਲੀ: ਦੁਬਈ ਵਿੱਚ ਇੱਕ 33 ਸਾਲਾ ਭਾਰਤੀ ਵਿਅਕਤੀ ਨਾਲ 55 ਲੱਖ ਰੁਪਏ ਦੀ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਚਾਰ ਔਰਤਾਂ ਦੇ ਗਰੋਹ ਨੇ ਜਾਅਲੀ ਡੇਟਿੰਗ ਐਪ ਰਾਹੀਂ ਨਕਲੀ ਮਸਾਜ ਦਾ ਲਾਲਚ ਦੇ ਕੇ ਦੁਬਈ ਵਿੱਚ ਰਹਿੰਦੇ ਭਾਰਤੀ ਵਿਅਕਤੀ ਤੋਂ 55,30,806 ਰੁਪਏ ਲੁੱਟ ਲਏ। ਗਲਫ ਨਿਊਜ਼ ਨੇ ਕਿਹਾ ਹੈ ਕਿ ਇਸ ਕੇਸ ਦੀ ਸੁਣਵਾਈ ਦੁਬਈ ਦੀ ਪਹਿਲੀ ਅਦਾਲਤ ਵਿੱਚ ਕੀਤੀ ਗਈ ਹੈ।
ਅਦਾਲਤ ਦੇ ਰਿਕਾਰਡ ਅਨੁਸਾਰ ਪੀੜਤ ਦੀ ਪਛਾਣ ਨਹੀਂ ਹੋ ਸਕੀ। ਰਿਪੋਰਟ ਅਨੁਸਾਰ, ਇੱਕ ਭਾਰਤੀ ਵਿਅਕਤੀ ਨੇ ਇੱਕ ਡੇਟਿੰਗ ਐਪ ਤੇ 200 ਦ੍ਰਿਹਮ (3,950 ਰੁਪਏ) ਵਿੱਚ ਮਸਾਜ ਕਰਨ ਦੀ ਪੇਸ਼ਕਸ਼ ਵੇਖੀ ਜਿਸ ਵਿੱਚ ਸੁੰਦਰ ਲੜਕੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ।
ਉਸ ਨੇ ਐਪ ਤੇ ਮੁਹੱਈਆ ਕਰਵਾਏ ਗਏ ਨੰਬਰ ਤੇ ਸੰਪਰਕ ਕੀਤਾ ਤੇ ਨਵੰਬਰ 2020 ਵਿੱਚ ਦੁਬਈ ਦੇ ਅਲ ਰੀਫਾ ਖੇਤਰ ਵਿੱਚ ਇੱਕ ਅਪਾਰਟਮੈਂਟ ਵਿੱਚ ਗਿਆ। ਅਪਾਰਟਮੈਂਟ ਦੇ ਅੰਦਰ ਉਸ ਨੇ ਚਾਰ ਅਫਰੀਕੀ ਔਰਤਾਂ ਵੇਖੀਆਂ। ਔਰਤਾਂ ਨੇ ਉਸ ਨੂੰ ਆਪਣੇ ਮੋਬਾਈਲ ਫੋਨ 'ਤੇ ਬੈਂਕ ਐਪਲੀਕੇਸ਼ਨ ਖੋਲ੍ਹਣ ਲਈ ਕਿਹਾ ਤੇ ਪੈਸੇ ਟ੍ਰਾਂਸਫਰ ਕਰ ਲਏ।
ਇਸ ਮਗਰੋਂ ਇੱਕ ਮਹਿਲਾ ਨੇ ਉਸ ਕੋਲੋਂ ਕ੍ਰੈਡਿਟ ਕਾਰਡ ਲਿਆ ਅਤੇ ਉਸਦੇ ATM ਵਿੱਚੋਂ 30,000 ਦ੍ਰਿਹਮ (₹ 5,92,586 )ਕੱਢਵਾ ਲਏ।ਇਸ ਤੋਂ ਬਾਅਦ ਉਸਨੂੰ ਇੱਕ ਦਿਨ ਲਈ ਅਪਾਰਟਮੈਂਟ ਵਿੱਚ ਕੈਦ ਰੱਖਿਆ ਗਿਆ।ਉਸ ਦੇ ਬੈਂਕ ਖਾਤੇ ਵਿੱਚੋਂ 250,000 ਦ੍ਰਿਹਮ (₹ 49,38,219) ਹੋਰ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਸੀ। ਔਰਤਾਂ ਨੇ ਉਸ ਤੋਂ ਆਈਫੋਨ ਖੋਹਣ ਤੋਂ ਬਾਅਦ ਉਸ ਨੂੰ ਅਪਾਰਟਮੈਂਟ ਛੱਡਣ ਲਈ ਕਿਹਾ। ਉਸਨੇ ਬੈਂਕ ਨੂੰ ਅਲਰਟ ਕੀਤਾ ਅਤੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।
ਦੁਬਈ ਪੁਲਿਸ ਅਨੁਸਾਰ ਜਾਂਚ ਤੋਂ ਬਾਅਦ ਤਿੰਨ ਨਾਈਜੀਰੀਅਨ ਔਰਤਾਂ ਨੂੰ ਸ਼ਾਰਜਾਹ ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂਕਿ ਚੌਥੀ ਔਰਤ ਅਜੇ ਵੀ ਫਰਾਰ ਹੈ।ਫੜੀ ਗਈ ਔਰਤ ਵਿਚੋਂ ਇੱਕ ਨੇ ਮਸਾਜ ਸੇਵਾਵਾਂ ਦੀ ਪੇਸ਼ਕਸ਼ ਕਰਦਿਆਂ, ਟਿੰਡਰ ਐਪਲੀਕੇਸ਼ਨ ਰਾਹੀਂ ਪੀੜਤ ਵਿਅਕਤੀ ਨੂੰ ਧੋਖਾ ਦਿੱਤਾ।