ਜਲੰਧਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿੱਚ ਪੁਲੀਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਪੁਲੀਸ ਨੇ ਇਸ ਮਾਮਲੇ 'ਚ ਹੁਣ ਤੱਕ ਦੋ ਸ਼ੂਟਰਾਂ ਸਮੇਤ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲੀਸ ਨੇ ਇਸ ਕਤਲ ਵਿੱਚ ਵਰਤੇ ਗਏ ਸੱਤ ਹਥਿਆਰ ਅਤੇ ਤਿੰਨ ਕਾਰਾਂ ਵੀ ਬਰਾਮਦ ਕੀਤੀਆਂ ਹਨ।


ਅੱਜ ਜਲੰਧਰ ਦਿਹਾਤੀ ਪੁਲਿਸ ਦੇ ਐੱਸ ਐੱਸ ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਜਿਸ ਦਾ  14 ਮਾਰਚ ਸ਼ਾਮ 6 ਵਜੇ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ ਦੇ ਕਤਲ ਮਾਮਲੇ ਨੂੰ ਸੁਲਝਾਉਣ 'ਚ ਪੁਲਿਸ ਲਗੀ ਹੋਈ ਸੀ।


SSP ਸਵਪਨ ਸ਼ਰਮਾ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿੱਚ ਹੁਣ ਪੁਲੀਸ ਵੱਲੋਂ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਦੋ ਸੂਤਰ ਵੀ ਸ਼ਾਮਲ ਹਨ ਅਤੇ ਇਸ ਦੇ ਨਾਲ ਹੀ ਹੁਣ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ ਨੌਂ ਹੋ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਵਿਚੋਂ ਜ਼ਿਆਦਾਤਰ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਫੌਜੀ ਵਾਸੀ ਬੁਲੰਦ ਸ਼ਹਿਰ, ਵਿਕਾਸ ਮਾਹਲੇ ਵਾਸੀ ਗੁੜਗਾਉਂ ਹਰਿਆਣਾ, ਸਚਿਨ ਦੁੱਲਿਆ ਵਾਸੀ ਅਲਵਰ ਰਾਜਸਥਾਨ, ਮਨਜੋਤ ਕੌਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ ਯੂਪੀ ਸ਼ਾਮਲ ਹਨ।


ਪੁਲੀਸ ਵੱਲੋਂ ਇਨ੍ਹਾਂ ਪਾਸੋਂ ਸੱਤ ਪਿਸਤੌਲ ਜਿਨ੍ਹਾਂ ਵਿਚੋਂ ਪੰਜ ਵਿਦੇਸ਼ੀ ਪਿਸਟਲ ਸ਼ਾਮਲ ਹਨ , ਤਿੱਨ ਗੱਡੀਆਂ ਜਿਨ੍ਹਾਂ ਵਿੱਚ ਮਹਿੰਦਰਾ ਐਕਸਯੂਵੀ , ਟੋਯੋਟਾ ਈਟੀਓਸ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੀਆਂ ਗਈਆਂ ਹਨ।


ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਆਰੋਪੀਆਂ ਵਿੱਚੋਂ ਮੁੱਖ ਆਰੋਪੀ ਹਰਵਿੰਦਰ ਸਿੰਘ ਉਰਫ ਫੌਜੀ ਹੈ ਜਿਸ ਨੇ ਇਸ ਕਤਲ ਕਾਂਡ ਵਿੱਚ ਬਾਕੀ ਆਰੋਪੀਆਂ ਨੂੰ ਆਉਣ ਜਾਣ ਲਈ ਗੱਡੀਆਂ, ਕਤਲ 'ਚ ਇਸਤੇਮਾਲ ਹੋਣ ਵਾਲੇ ਹਥਿਆਰ, ਆਰੋਪੀਆਂ ਨੂੰ ਸੇਫ ਰਿਹਾਇਸ਼ ਅਤੇ ਹਥਿਆਰ ਚਲਾਉਣ ਦੀ ਟਰੇਨਿੰਗ ਦੇ ਨਾਲ ਵਿੱਤੀ ਮਦਦ ਮੁਹੱਈਆ ਕਰਵਾਈ ਸੀ। 


ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ਵਿੱਚ ਹਰਵਿੰਦਰ ਸਿੰਘ ਫੌਜੀ ਵੱਲੋਂ ਹੀ ਰੇਕੀ ਕਰਵਾਈ ਗਈ ਸੀ। ਇਹੀ ਨਹੀਂ ਹਰਿਆਣਾ ਦੇ ਗੁੜਗਾਉਂ ਤੋਂ ਫੜਿਆ ਗਿਆ ਆਰੋਪੀ ਵਿਕਾਸ ਮਾਹਲੇ ਨੂੰ ਇਸ ਕਤਲ ਮਾਮਲੇ ਵਿੱਚ ਮੁੱਖ ਸੂਤਰਾਂ ਨੂੰ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ। ਇਸੇ ਨੇ ਬਾਅਦ ਵਿਚ ਹਰਵਿੰਦਰ ਸਿੰਘ ਫੌਜੀ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।


ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਵਿਕਾਸ ਮਾਹਲੇ ਨੇ ਪੰਜਾਬ ਵਿੱਚ ਹੋਰ ਵੀ ਕਈ ਕਤਲ ਮਾਮਲਿਆਂ ਵਿੱਚ ਆਪਣਾ ਹੱਥ ਹੋਣ ਦਾ ਇਹ ਖੁਲਾਸਾ ਕੀਤਾ ਹੈ ਜਿਨ੍ਹਾਂ ਬਾਰੇ ਪੁਲੀਸ ਨੂੰ ਪਹਿਲਾਂ ਪਤਾ ਨਹੀਂ ਸੀ।ਇਸ ਤੋਂ ਇਲਾਵਾ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਚਿਨ ਦਹੋਲੀਆ ਅਤੇ ਮਨਜੋਤ ਕੌਰ ਨੂੰ ਕੌਸ਼ਲ ਡਾਗਰ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।


ਇਸ ਪੂਰੇ ਕਤਲਕਾਂਡ ਮਾਮਲੇ ਦਾ ਮੁੱਖ ਆਰੋਪੀ ਹਰਵਿੰਦਰ ਸਿੰਘ ਇਕ ਰਿਟਾਇਰਡ ਫੌਜੀ ਹੈ ਅਤੇ ਉਸ ਨੂੰ ਹਥਿਆਰਾਂ ਦੀ ਪੂਰੀ ਜਾਣਕਾਰੀ ਹੈ।ਇਸ ਲਈ ਇਸ ਪੂਰੇ ਕਤਲ ਦੇ ਮਾਮਲੇ ਨੂੰ ਉਸਨੇ ਕੋਆਰਡੀਨੇਟ ਕੀਤਾ। ਹਰਵਿੰਦਰ ਸਿੰਘ ਫੌਜੀ ਇਸ ਸਾਲ ਫਰਵਰੀ ਨੂੰ ਭਾਰਤੀ ਫ਼ੌਜ ਦੀ 6 ਜਾਟ ਬਟਾਲੀਅਨ ਤੋਂ ਰਿਟਾਇਰ ਹੋਇਆ ਸੀ। ਅੱਜ ਦੀ ਤਰੀਕ ਵਿੱਚ ਉਹ ਇਕ ਹਿਸਟਰੀਸ਼ੀਟਰ ਹੈ ਅਤੇ ਉਸ ਉੱਪਰ ਹਰਿਆਣਾ, ਪੱਛਮੀ ਯੂਪੀ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਥਿਆਰਬੰਦ ਡਕੈਤੀ ਅਤੇ ਜਬਰੀ ਵਸੂਲੀ ਨਾਲ ਸਬੰਧਤ ਘੱਟ ਤੋਂ ਘੱਟ 21 ਅਪਰਾਧਿਕ ਮਾਮਲੇ ਦਰਜ ਹਨ ਅਤੇ ਕਈ ਮਾਮਲਿਆਂ ਵਿਚ ਤਾਂ ਅਦਾਲਤ ਵੱਲੋਂ ਉਸ ਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਹੈ।


ਇਸ ਤੋਂ ਇਲਾਵਾ ਇਸ ਕਤਲ ਮਾਮਲੇ ਦਾ ਦੂਸਰਾ ਮੁੱਖ ਆਰੋਪੀ ਵਿਕਾਸ ਮਾਹਲੇ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਉੱਪਰ ਵੀ ਕਤਲ, ਜਬਰੀ ਵਸੂਲੀ ਨਾਲ ਸੰਬੰਧਿਤ 9 ਅਪਰਾਧਿਕ ਮਾਮਲੇ ਦਰਜ ਹਨ। ਇਸ ਨੇ ਪੰਜਾਬ ਵਿੱਚ ਵੀ ਦੋ ਕਤਲ ਦੇ ਮਾਮਲਿਆਂ ਵਿੱਚ ਆਪਣੀ ਭੂਮਿਕਾ ਕਬੂਲ ਕੀਤੀ ਹੈ ਜਿਨ੍ਹਾਂ ਬਾਰੇ ਪੁਲੀਸ ਨੂੰ ਪਹਿਲੇ ਪਤਾ ਨਹੀਂ ਸੀ। ਜੂਨ 2021 ਨੂੰ ਜਲੰਧਰ ਵਿਖੇ ਇਕ ਹਾਈ ਪ੍ਰੋਫਾਈਲ ਕਤਲ ਮਾਮਲੇ 'ਚ ਵੀ ਖੁਲਾਸਾ ਹੋਇਆ ਹੈ ਕਿ ਇਸ ਨੇ ਸੁਖਮੀਤ ਸਿੰਘ ਡਿਪਟੀ ਨੂੰ ਗੋਲੀ ਮਾਰ ਦਿੱਤੀ ਸੀ। ਉਸਨੇ ਇਸ ਕਤਲ ਮਾਮਲੇ ਵਿੱਚ ਵੀ ਪੁਲੀਸ ਦੇ ਅੱਗੇ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ।